July 14, 2011
ਕੈਨੇਡਾ 'ਚ ਅਮੀਰ ਦਿਨੋ-ਦਿਨ ਹੋ ਰਹੇ ਹਨ ਹੋਰ ਅਮੀਰ
ਟੋਰਾਂਟੋ, 14 ਜੁਲਾਈ (ਅੰਮ੍ਰਿਤਪਾਲ ਸਿੰਘ ਸੈਣੀ)-ਕੈਨੇਡਾ ਦੇ ਅਮੀਰ ਲੋਕ ਦਿਨੋ ਦਿਨ ਹੋ ਰਹੇ ਹਨ ਹੋਰ ਅਮੀਰ ਜਦਕਿ ਲੋੜੀਂਦੀਆਂ ਮੁੱਢਲੀਆਂ ਵਸਤਾਂ ਲਈ ਹੱਡ ਭੰਨਵੀਂ ਮਿਹਨਤ ਕਰ ਰਹੇ ਇਕ ਮੱਧ ਵਰਗੀ ਕੈਨੇਡੀਅਨ ਦੇਸ਼ ਦੇ ਆਰਥਿਕ ਵਿਕਾਸ ਤੋਂ ਵਾਂਝੇ ਹਨ। ਇਸ ਦੀ ਪੁਸ਼ਟੀ ਦੇਸ਼ ਦੀ ਇੱਕ ਸੁਤੰਤਰ ਖੋਜ ਸੰਸਥਾ ਕਾਨਫਰੰਸ ਆਫ ਕੈਨੇਡਾ ਵਲੋਂ ਕੀਤੇ ਸਰਵੇਖਣ ਬਾਅਦ ਅੱਜ ਜਾਰੀ ਰਿਪੋਰਟ 'ਚ ਕੀਤੀ ਗਈ। ਸੰਸਥਾ ਵਲੋਂ ਜਾਰੀ ਰਿਪੋਰਟ ਅਨੁਸਾਰ ਦੇਸ਼ ਦੇ ਆਰਥਿਕ ਪ੍ਰਬੰਧ ਦੀ ਬੁਨਿਆਦੀ ਧਾਰਨਾ ਦੇਸ਼ ਵਾਸੀਆਂ ਲਈ ਤਰੱਕੀ ਦੇ ਮੌਕੇ ਪੈਦਾ ਕਰਕੇ ਵੱਧ ਤੋਂ ਵੱਧ ਖੁਸ਼ਹਾਲੀ ਪੈਦਾ ਕਰਨਾ ਹੁੰਦਾ ਹੈ ਪਰ ਕੀਤੀ ਖੋਜ ਅਨੁਸਾਰ ਦੇਸ਼ 'ਚ ਹੋ ਰਹੇ ਵਿਕਾਸ ਦਾ ਬਹੁਤਾ ਫਾਇਦਾ ਆਮ ਦੇਸ਼ ਵਾਸੀ ਦੀ ਬਜਾਏ ਕੁਝ ਸਰਮਾਏਦਾਰ ਲੋਕਾਂ ਨੂੰ ਵਧੇਰੇ ਹੋ ਰਿਹਾ ਹੈ ਜਿਸ ਕਰਕੇ ਅਮੀਰ ਤੇ ਗਰੀਬ ਵਿਚਲਾ ਅੰਤਰ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ ਤੇ ਦੇਸ਼ 'ਚ ਵਿਆਪਕ ਵਿਕਾਸ ਨਾ ਹੋਣ ਕਾਰਨ ਸਰਕਾਰਾਂ ਦੀ ਸਮਾਜ ਪੱਖੀ ਸੋਚ ਨਾ ਹੋਣਾ , ਸਮਾਜਿਕ ਮੇਲ ਜੋਲ ਦੀ ਘਾਟ ਤੇ ਦੇਸ਼ ਦੇ ਪੜ੍ਹੇ ਲਿਖੇ ਹੁਨਰਵਾਨ ਕਾਮਿਆਂ ਦੇ ਹੁਨਰ ਦੀ ਢੁਕਵੀਂ ਵਰਤੋਂ ਨਾ ਹੋਣਾ ਦੱਸਿਆ ਗਿਆ। ਰਿਪੋਰਟ 'ਚ ਜਾਰੀ ਅੰਕੜਿਆਂ ਅਨੁਸਾਰ ਸੰਨ 1976 'ਚ ਇਕ ਗਰੀਬ ਜਾਂ ਮੱਧ ਵਰਗੀ ਦੇਸ਼ ਵਾਸੀ ਦੀ ਸਾਲਾਨਾ ਆਮਦਨ 12400 ਡਾਲਰ ਪ੍ਰਤੀ ਵਿਅਕਤੀ ਸੀ ਜੋ ਸੰਨ 2009 'ਚ ਵੱਧ ਕੇ 14500 ਡਾਲਰ ਹੋ ਗਈ ਜਦਕਿ ਸੰਨ 1976 'ਚ 92300 ਡਾਲਰ ਸਾਲਾਨਾ ਆਮਦਨ ਵਾਲੇ ਇੱਕ ਸਰਮਾਏਦਾਰ ਦੀ ਆਮਦਨ ਸੰਨ 2009 'ਚ ਵੱਧ ਕੇ 117500 ਡਾਲਰ ਸਾਲਾਨਾ ਹੋ ਗਈ ਹੈ।
No comments:
Post a Comment