August 30, 2011

Second Shaheed Bhagat Singh Kabbadi Cup concludees in Edmonton

ਦੂਸਰਾ ਸ਼ਹੀਦ ਭਗਤ ਸਿੰਘ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ
ਐਡਮਿੰਟਨ, 30 ਅਗਸਤ (ਵਤਨਦੀਪ ਸਿੰਘ ਗਰੇਵਾਲ)-ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵੱਲੋਂ ਦੂਸਰਾ ਸ਼ਾਨਦਾਰ ਟੂਰਨਾਮੈਂਟ ਰਿੱਕ ਸੈਂਟਰ ਦੇ ਮੈਦਾਨਾਂ ਵਿਚ ਕਰਵਾਇਆ ਗਿਆ ਜਿਸ ਵਿਚ ਅਲਬਰਟਾ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਨੇ ਭਾਗ ਲਿਆ। ਖੇਡ ਮੇਲੇ ਵਿਚ ਪੁੱਜੇ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੇ ਆਪਣੀ ਜ਼ੋਰ ਅਜ਼ਮਾਈ ਤੇ ਸਾਫ-ਸੁਥਰੀ ਖੇਡ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਐਡਮਿੰਟਨ ਦੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਤੇ ਕੈਲਗਿਰੀ ਦੀ ਅੰਬੀ ਐਂਡ ਬਿੰਦਾ ਕਬੱਡੀ ਕਲੱਬ ਵਿਚਕਾਰ ਬਹੁਤ ਹੀ ਦਿਲਚਸਪ ਸੀ, ਪਰ ਹਨੇਰਾ ਤੇ ਕਬੱਡੀ ਫੈਡਰੇਸ਼ਨ ਦੇ ਨਿਯਮਾਂ ਨੂੰ ਮੱਦੇਨਜ਼ਰ ਕਰਦਿਆਂ ਮੈਚ ਨੂੰ ਸਮੇਂ ਤੋਂ ਪਹਿਲਾਂ ਹੀ ਰੋਕ ਕੇ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ। ਕਬੱਡੀ ਮੈਚਾਂ ਦੌਰਾਨ ਸਨਦੀਪ ਸੁਰਖਪੁਰ ਨੂੰ ਵਧੀਆ ਰੇਡਰ ਅਤੇ ਗੁਰਵਿੰਦਰ ਕਾਲਵਾਂ ਨੂੰ ਵਧੀਆ ਜਾਫੀ ਐਲਾਨਿਆ ਗਿਆ। ਇਸ ਮੌਕੇ ਪੰਜਾਬੀ ਹੈਰੀਟੇਜ਼ ਫਾਊਂਡੇਸ਼ਨ ਦੇ ਬੱਚਿਆਂ ਨੇ ਖੁੱਲ੍ਹੇ ਗਰਾਊਂਡ ਵਿਚ ਭੰਗੜਾ ਪਾ ਕੇ ਟੂਰਨਾਮੈਂਟ ਨੂੰ ਹੋਰ ਇਤਿਹਾਸਕ ਬਣਾ ਦਿੱਤਾ। ਇਸ ਤੋਂ ਇਲਾਵਾ ਬੱਚਿਆਂ, ਬਜ਼ੁਰਗਾਂ ਦੀਆਂ ਦੌੜਾਂ, ਵਾਲੀਬਾਲ, ਸੌਕਰ ਤੇ ਬੱਚਿਆਂ ਦੇ ਕਬੱਡੀ ਮੁਕਾਬਲੇ ਵੀ ਦੇਖਣਯੋਗ ਸਨ। ਇਸ ਮੌਕੇ 40 ਸਾਲ ਤੋਂ ਉੱਪਰ ਉਮਰ ਦੇ ਕਬੱਡੀ ਖਿਡਾਰੀਆਂ ਦਾ ਸ਼ੋਅ ਮੈਚ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਖੇਡ ਮੇਲੇ ਵਿਚ ਸ਼ਾਮਿਲ ਹੋਏ ਕੈਨੇਡਾ ਦੇ ਮੰਤਰੀ ਸ: ਟਿੰਮ ਉੱਪਲ, ਵਿਧਾਇਕ ਨਰੇਸ਼ ਭਾਰਦਵਾਜ ਤੇ ਕੌਂਸਲਰ ਅਮਰਜੀਤ ਸੋਹੀ ਨੇ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਤਿੰਨੋਂ ਮਾਣਯੋਗ ਸ਼ਖ਼ਸੀਅਤਾਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਤੇ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਸੀ: ਮੀਤ ਪ੍ਰਧਾਨ ਗੁਰਚਰਨ ਧਾਲੀਵਾਲ ਰਣਸੀਂਹ ਕਲਾਂ ਨੇ ਟੂਰਨਾਮੈਂਟ ਨੂੰ ਸਫਲਤਾਪੂਰਬਕ ਨੇਪਰੇ ਚਾੜ੍ਹਨ ਲਈ ਸਮੂਹ ਭਾਈਚਾਰੇ, ਖੇਡ ਪ੍ਰੇਮੀਆਂ ਤੇ ਪੰਜਾਬ-ਪਾਕਿਸਤਾਨ ਤੋਂ ਪੁੱਜੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿਚ ਭਾਈਚਾਰੇ ਤੋਂ ਇਲਾਵਾ ਖੇਡ ਮੇਲੇ ਦੇ ਪ੍ਰਬੰਧਕ ਗੁਰਪਿੰਦਰ ਗਿੱਲ, ਸੋਨੀ ਸਵੱਦੀ, ਸ਼ੇਰਾ ਢਿੱਲੋਂ ਤੇ ਸੋਨੀ ਦੌਧਰ ਵੀ ਮੌਜੂਦ ਸਨ।

No comments:

Post a Comment