May 9, 2012

ਆਮਿਰ ਦੀ ਮੁਹਿੰਮ ਨੂੰ ਮਿਲਿਆ ਗਹਿਲੋਤ ਦਾ ਸਾਥ

ਜੈਪੁਰ ਵਿਖੇ ਅਦਾਕਾਰ ਆਮਿਰ ਖ਼ਾਨ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਜੈਪੁਰ, 9 ਮਈ - ਟੀ ਵੀ ਸ਼ੋਅ ਸਤਿਆਮੇਵ ਜੈਯਤੇ ਦੇ ਜ਼ਰੀਏ ਕੰਨਿਆ ਭਰੂਣ ਹੱਤਿਆ ਦੀ ਪ੍ਰਵਿਰਤੀ ਨੂੰ ਰੋਕਣ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰ ਕੇ ਪੂਰੇ ਦੇਸ਼ ਦਾ ਧਿਆਨ ਖਿੱਚਣ ਵਾਲੇ ਅਦਾਕਾਰ ਆਮਿਰ ਖਾਨ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਨੇ ਪ੍ਰਦੇਸ਼ 'ਚ ਇਸ ਅਪਰਾਧ 'ਤੇ ਰੋਕ ਥਾਮ ਲਈ ਫਾਸਟਟ੍ਰੈਕ ਕੋਰਟ ਖੋਲ੍ਹਣ ਦਾ ਭਰੋਸਾ ਦਿਵਾਇਆ ਹੈ। ਬੁੱਧਵਾਰ ਨੂੰ ਗਹਿਲੋਤ ਦੇ ਸਰਕਾਰੀ ਨਿਵਾਸ 'ਤੇ ਆਮਿਰ ਨੇ ਮੁਲਾਕਾਤ ਕੀਤੀ। ਦੋਵਾਂ ਦਰਮਿਆਨ ਕਰੀਬ 40 ਮਿੰਟ ਗੱਲ ਹੋਈ। ਇਸ ਦੇ ਬਾਅਦ ਆਮਿਰ ਨੇ ਰਾਜ ਸਰਕਾਰ ਵਲੋਂ ਕੰਨਿਆ ਭਰੂਣ ਹੱਤਿਆ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ। ਆਮਿਰ ਨੇ ਕਿਹਾ ਕਿ ਗਹਿਲੋਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਬਾਰੇ ਮੁੱਖ ਜੱਜ ਨਾਲ ਗੱਲ ਕਰਨਗੇ। ਆਮਿਰ ਨੇ ਗਹਿਲੋਤ ਦੇ ਸਾਰੇ ਵਿਭਾਗਾਂ ਦੀ ਤਤਕਾਲ ਬੈਠਕ ਬੁਲਾ ਕੇ ਕੰਨਿਆ ਭਰੂਣ ਹੱਤਿਆ ਦਾ ਰੋਕ ਥਾਮ ਨੂੰ ਲੈ ਕੇ ਪ੍ਰਭਾਵੀ ਕਦਮ ਚੁੱਕਣ ਦੇ ਨਿਰਦੇਸ਼ ਦੇਣ ਦੇ ਕਦਮ ਦੀ ਪ੍ਰਸੰਸਾ ਕੀਤੀ। ਉਧਰ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਆਮਿਰ ਨੇ ਆਪਣਾ ਕੰਮ ਕੀਤਾ ਹੁਣ ਉਹ ਆਪਣਾ ਕੰਮ ਕਰਨਗੇ।
'ਸੱਤਿਆਮੇਵ ਜੈਯਤੇ' ਸ਼ੋਅ ਮੇਰੇ ਪ੍ਰੋਗਰਾਮ ਦੀ ਨਕਲ ਰਾਖੀ ਨੇ ਆਮਿਰ 'ਤੇ ਲਾਇਆ ਵਿਸ਼ਾ ਚੋਰੀ ਕਰਨ ਦਾ ਦੋਸ਼
ਮੁੰਬਈ, 9 ਮਈ (ਏਜੰਸੀ)-ਅਦਾਕਾਰਾ ਰਾਖੀ ਸਾਵੰਤ ਨੇ ਆਮਿਰ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਸੱਤਿਆਮੇਵ ਜਯਤੇ ਲਈ ਉਸ ਦੇ ਪ੍ਰੋਗਰਾਮ ਰਾਖੀ ਕਾ ਇਨਸਾਫ ਦਾ ਵਿਸ਼ਾ ਚੋਰੀ ਕੀਤਾ ਹੈ। ਰਾਖੀ, ਜਿਸ ਨੇ ਕਿ ਸ਼ੋਅ ਰਾਖੀ ਕਾ ਇਨਸਾਫ ਦੀ ਪੇਸ਼ਕਾਰੀ ਕੀਤੀ ਸੀ, ਨੇ ਕਿਹਾ ਕਿ ਉਸਦਾ ਸ਼ੋਅ ਅਸਲੀ ਸੀ ਜੋ ਕਿ ਸਮਾਜਿਕ ਮੁੱਦਿਆਂ ਨੂੰ ਉਭਾਰਦਾ ਸੀ। ਰਾਖੀ ਸਾਵੰਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮਿਰ ਦਾ ਸ਼ੋਅ ਪੂਰੀ ਤਰਾਂ ਰਾਖੀ ਕਾ ਇਨਸਾਫ ਦੀ ਨਕਲ ਹੈ। ਉਨ੍ਹਾਂ ਨੇ (ਆਮਿਰ ਖਾਨ ਪ੍ਰੋਡਕਸ਼ਨ ਕੰਪਨੀ) ਨੇ ਉਨ੍ਹਾਂ ਦਾ ਵਿਸ਼ਾ ਚੋਰੀ ਕੀਤਾ ਹੈ। ਉਸ ਨੇ ਕਿਹਾ ਕਿ ਉਸਦੇ ਸ਼ੋਅ ਦੀ ਰੂਪ ਰੇਖਾ ਇਸ ਨਾਲ ਪੂਰੀ ਤਰਾਂ ਮੇਲ ਖਾਂਦੀ ਸੀ। ਉਸ ਨੇ ਅੱਗੇ ਕਿਹਾ ਕਿ ਉਹ ਰਾਖੀ ਕਾ ਇਨਸਾਫ ਨਾਲ ਭਾਵੁਕ ਤੌਰ 'ਤੇ ਇੰਨੀ ਜ਼ਿਆਦਾ ਜੁੜ ਗਈ ਕਿ ਉਸ ਨੂੰ ਡਾਕਟਰ ਦੀ ਸਲਾਹ ਲੈਣੀ ਪਈ ਸੀ। ਰਾਖੀ ਨੇ ਕਿਹਾ ਕਿ ਉਹ ਆਮਿਰ ਲਈ ਸ਼ੁੱਭ ਕਾਮਨਾ ਦਿੰਦੀ ਹੈ। ਉਸ ਨੇ ਕਿਹਾ ਕਿ ਉਹ ਆਮਿਰ ਦੇ ਵਿਰੁੱਧ ਨਹੀਂ ਹੈ। ਉਸ ਨੇ ਕਿਹਾ ਕਿ ਆਮਿਰ ਇਕ ਮਹਾਨ ਵਿਅਕਤੀ ਹੈ ਉਹ ਉਸ ਸਮੇਂ ਉਸ ਨਾਲ ਖੜ੍ਹਾ ਸੀ ਜਦੋਂ ਉਸ ਦੇ ਹਾਲਾਤ ਠੀਕ ਨਹੀਂ ਸਨ।

No comments:

Post a Comment