February 28, 2012

ਮਨਮੋਹਨ ਵਾਰਿਸ ਭਿਆਨਕ ਸੜਕ ਹਾਦਸੇ 'ਚ ਵਾਲ-ਵਾਲ ਬਚੇ


ਬਲਾਚੌਰ ਲਾਗੇ ਹਾਦਸਾ ਗ੍ਰਸਤ ਮਨਮੋਹਨ ਵਾਰਸ ਦੀ ਗੱਡੀ ਤੇ ਨਹਿਰ ਵੱਲ ਡਿੱਗੀ ਹੋਈ ਸਫ਼ਾਰੀ।
ਸਰੋਤਿਆਂ ਦੀ ਦੁਆਵਾਂ ਸਦਕਾ ਚੜ੍ਹਦੀ ਕਲਾ 'ਚ ਹਾਂ-ਵਾਰਿਸ
ਇਸੇ ਦੌਰਾਨ ਮਨਮੋਹਨ ਵਾਰਿਸ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਮੇਰੇ ਚਾਹੁਣ ਵਾਲਿਆਂ ਦੀ ਦੁਆਵਾਂ ਤੇ ਅਸੀਸਾਂ ਨੇ ਬਚਾ ਲਿਆ ਹੈ। ਉਨ੍ਹਾਂ ਆਖਿਆ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ। ਵਾਰਿਸ ਨੇ ਉਨ੍ਹਾਂ ਤਮਾਮ ਲੋਕਾਂ ਦਾ ਤਹਿਦਿਲੋਂ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਇੰਟਰਨੈੱਟ ਤੇ ਹੋਰ ਸਾਧਨਾਂ ਰਾਹੀਂ ਉਸ ਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ।
ਬਲਾਚੌਰ, 28 ਫਰਵਰੀ - ਸਥਾਨਕ ਰੋਪੜ -ਸ਼ਹੀਦ ਭਗਤ ਸਿੰਘ ਨਗਰ ਮਾਰਗ ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਤਬਾਹ ਹੋ ਗਈ। ਮਨਮੋਹਨ ਵਾਰਿਸ ਚੰਡੀਗੜ੍ਹ ਤੋਂ ਆਪਣੇ ਇਕ ਦੋਸਤ ਨਾਲ ਜਲੰਧਰ ਪਰਤ ਰਹੇ ਸਨ।
ਇਥੇ ਸਾਇਫਨ ਵਾਲੇ ਪੁਲ ਕੋਲ ਉਨ੍ਹਾਂ ਦੀ ਇੰਡੈਵਰ ਗੱਡੀ ਨੂੰ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰੀ ਸਫ਼ਾਰੀ ਗੱਡੀ ਪੀ.ਬੀ.32 ਕੇ 4053 ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨੂੰ ਮਨਿੰਦਰ ਸਿੰਘ ਪੁੱਤਰ ਕੁਲਵਰਨ ਸਿੰਘ ਬੜਵਾ ਚਲਾ ਰਿਹਾ ਸੀ। ਟੱਕਰ ਐਨੀ ਭਿਆਨਕ ਸੀ ਕਿ ਗੱਡੀ ਦੇ 'ਏਅਰ ਬੈਗਜ਼' ਖੁੱਲ੍ਹ ਗਏ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਸਫ਼ਾਰੀ ਗੱਡੀ ਵੀ ਵਗਦੀ ਬਿਸਤ ਦੁਆਬ ਨਹਿਰ ਵੱਲ ਜਾ ਪਲਟੀ। ਪਤਾ ਲੱਗਾ ਕਿ ਸਫ਼ਾਰੀ ਵਾਲਾ ਆਪਣੇ ਦੋਸਤਾਂ ਨਾਲ ਕਿਸੇ ਵਿਆਹ ਵਿਚੋਂ ਆ ਰਿਹਾ ਸੀ ਤੇ ਗੱਡੀਆਂ ਦੀਆ ਰੇਸਾਂ ਲੱਗੇ ਰਹੇ ਸਨ ਅਤੇ ਗੜ੍ਹੀ ਚੌਕ ਪਾਸ ਵੀ ਉਨ੍ਹਾਂ ਦੀਆਂ ਰੇਸਾਂ ਵਾਲੀਆਂ ਗੱਡੀਆਂ ਵਿਚੋਂ ਇਕ ਗੱਡੀ ਨੁਕਸਾਨੀ ਗਈ ਤੇ ਇਸ ਸਫ਼ਾਰੀ ਨੇ ਮਨਮੋਹਨ ਵਾਰਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸਫ਼ਾਰੀ ਚਾਲਕ ਅਮਰੀਕਾ ਤੋਂ ਆਇਆ ਸੀ ਤੇ ਅੱਜ-ਕੱਲ੍ਹ ਵਿਚ ਉਸ ਦੀ ਵਾਪਸੀ ਹੈ। ਸੂਚਨਾ ਮਿਲਦੇ ਸਾਰ ਹੀ ਬਲਾਚੌਰ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਥਾਣੇਦਾਰ ਸੁਰਜੀਤ ਸਿੰਘ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

No comments:

Post a Comment