February 28, 2012

ਐਨ. ਆਰ. ਆਈ 'ਤੇ ਹਮਲਾ-ਮੁਕੱਦਮਾ ਦਰਜ


ਨੂਰਮਹਿਲ, ਜਸਵਿੰਦਰ ਸਿੰਘ ਲਾਂਬਾ
28 ਫਰਵਰੀ - ਨੂਰਮਹਿਲ ਦੀ ਪੁਲਿਸ ਨੇ ਇਕ ਐਨ.ਆਰ.ਆਈ. ਉੱਪਰ ਹਮਲਾ ਕਰਨ ਦੇ ਦੋਸ਼ ਹੇਠ ਅੱਠ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਸੁਭਾਸ਼ ਬਾਠ ਨੇ ਦੱਸਿਆ ਕਿ ਇਹ ਮੁਕੱਦਮਾ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਪੁੱਤਰ ਅਜ਼ਮਤ ਸਿੰਘ ਵਾਸੀ ਪ੍ਰਤਾਬਪੁਰਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਉਸ ਨੇ ਆਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਕੈਨੇਡਾ ਵਿਚ ਰਹਿ ਰਿਹਾ ਹੈ। ਸਾਡਾ ਮੇਰੇ ਤਾਏ ਗੁਰਦੇਵ ਸਿੰਘ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਮੈਂ 14 ਫਰਵਰੀ ਨੂੰ ਕੈਨੇਡੀ ਤੋਂ ਭਾਰਤ ਆਇਆ। 26 ਫਰਵਰੀ ਨੂੰ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਪ੍ਰਤਾਬਪੁਰਾ ਸ਼ਹੀਦਾਂ ਦੀ ਜਗ੍ਹਾ 'ਤੇ ਮੱਥਾ ਟੇਕਣ ਲਈ ਗਏ। ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਤਿੰਨ ਨੌਜਵਾਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜਦ ਅਸੀਂ ਨੂਰਮਹਿਲ ਰਵਿਦਾਸਪੁਰਾ ਮੁਹੱਲਾ ਕੋਲ ਪਹੁੰਚੇ ਤਾਂ ਪਿੱਛਿਓਂ ਇਕ ਸਿਲਵਰ ਰੰਗ ਦੀ ਗੱਡੀ ਇਨੋਵਾ ਰੁਕੀ। ਜਿਸ 'ਚ 6-7 ਨੌਜਵਾਨ ਸਵਾਰ ਸਨ। ਜਿੰਨਾ ਨੇ ਉੱਤਰਦੇ ਸਾਰ ਹੀ ਸਾਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਸਾਨੂੰ ਜ਼ਖ਼ਮੀ ਕਰਨ ਮਗਰੋਂ ਇਨ੍ਹਾਂ ਨੌਜਵਾਨਾਂ ਨੇ ਗੱਡੀ ਵਿਚੋਂ 90 ਹਜ਼ਾਰ ਰੁਪਏ, 12 ਪੌਂਡ, 1000 ਕੈਨੇਡੀਅਨ ਡਾਲਰ, ਤਿੰਨ ਮੋਬਾਈਲ, ਇੱਕ ਦੋ ਤੋਲੇ ਦੀ ਸੋਨੇ ਦੀ ਚੈਨੀ, ਇਕ ਐਨਕ ਚੋਰੀ ਕਰਕੇ ਆਪਣੀ ਗੱਡੀ ਨੰਬਰ ਪੀ.ਬੀ.-05-ਐਮ-0051 ਵਿਚ ਬੈਠ ਕੇ ਨਕੋਦਰ ਵੱਲ ਨੂੰ ਦੌੜ ਗਏ। ਪੁਲਿਸ ਨੇ ਜਸਵਿੰਦਰ ਸਿੰਘ, ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪ੍ਰਤਾਪੁਰਾ ਤੇ 6 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

No comments:

Post a Comment