ਪੰਜਾਬੀ ਨੌਜਵਾਨਾਂ ਦੀ ਰਿਹਾਇਸ਼ਗਾਹ ਬਣਿਆ ਸਾਊਥਾਲ ਅਤੇ ਹਿਸਟਨ ਸ਼ਹਿਰ ਕੋਲੋਂ ਲੰਘਦੀ ਐਮ
4 ਸੜਕ ਦਾ ਪੁਲ ਅਤੇ ਵਿਛੇ ਹੋਏ ਬਿਸਤਰੇ।
ਲੰਡਨ, 26 ਫਰਵਰੀ - ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ 'ਚ ਆਏ ਪੰਜਾਬੀਆਂ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਮਾਵਾਂ ਦੀਆ ਨਿੱਘੀਆਂ ਗੋਦਾਂ 'ਚੋਂ ਨਿਕਲ ਕੇ ਉਹ ਇੰਗਲੈਂਡ ਵਿੱਚ ਨੀਲੇ ਅਸਮਾਨ ਦੇ ਤਾਰੇ ਵੇਖਦਿਆਂ, ਜਰਨੈਲੀ ਸੜਕਾਂ ਦੇ ਪੁਲਾਂ ਹੇਠ, ਠੰਢੀਆਂ ਰਾਤਾਂ ਕੱਟਣਗੇ ਅਤੇ ਘਰ ਦੀ ਚਾਰ ਦੀਵਾਰੀ ਨੂੰ ਤਰਸਦੇ ਰਹਿਣਗੇ। ਪਰ ਅਜਿਹਾ ਕੁਝ ਸਾਊਥਾਲ ਦੇ ਆਸ ਪਾਸ ਦੀਆਂ ਜਰਨੈਲੀ ਸੜਕਾਂ ਤੇ ਹੋ ਰਿਹਾ ਹੈ, ਸਾਊਥਾਲ ਦੇ ਨਾਲ ਲੱਗਦੀ ਹੰਸਲੋ ਬਾਰੋ ਦੇ ਸ਼ਹਿਰ ਹਿਸਟਨ ਵਿੱਚੋਂ ਲੰਘਦੀ ਐਮ 4 ਸੜਕ ਦੇ ਹੇਠ ਜਦੋਂ ਅਜੀਤ ਦੇ ਪੱਤਰਕਾਰ ਨੇ ਅੱਜ ਖੁਦ ਵੇਖਿਆ ਤਾਂ ਹੈਰਾਨ ਰਹਿ ਗਿਆ, ਭਾਂਵੇਂ ਦਿਨ ਵੇਲੇ ਇਸ ਜਗ੍ਹਾ 'ਤੇ ਕੋਈ ਵੀ ਵਿਅਕਤੀ ਨਹੀਂ ਸੀ ਪਰ ਇਸ ਜਗ੍ਹਾ ਘੱਟੋ ਘੱਟ 50 ਵਿਅਕਤੀਆਂ ਦੇ ਪੈਣ ਲਈ ਬਿਸਤਰੇ ਵਿਛੇ ਹੋਏ ਸਨ। ਸੂਟਕੇਸ, ਬੂਟ, ਕੱਪੜੇ ਖਿਲਰੇ ਹੋਏ ਸਨ ਅਤੇ ਨਾਲ ਹੀ ਪੁਲ ਦੇ ਦੋਵਾਂ ਪਾਸਿਆਂ 'ਤੇ ਕੁਝ ਬਿਸਤਰੇ ਬੰਨੇ ਹੋਏ ਸਨ ਅਤੇ ਇਥੇ ਛਪਦੀਆਂ ਕੁਝ ਕੁ ਪੰਜਾਬੀ ਅਖਬਾਰਾਂ ਵੀ ਪਈਆਂ ਸਨ। ਜਦ ਇਸੇ ਜਗ੍ਹਾ ਮੁੜ ਰਾਤ ਨੂੰ ਵੇਖਿਆ ਤਾਂ ਕਾਫੀ ਨੌਜਵਾਨ ਸੁੱਤੇ ਪਏ ਸਨ। ਇਹ ਜਗ੍ਹਾ ਸਥਾਨਕ ਅੰਗਰੇਜ਼ੀ ਮੀਡੀਏ ਵਿੱਚ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਸ ਪੁਲ ਦੇ ਆਸ ਪਾਸ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਸਥਾਨਕ ਕੌਂਸਲਾਂ ਅਤੇ ਇਮੀਗ੍ਰੇਸ਼ਨ ਵਿਭਾਗ ਇਨ੍ਹਾਂ ਬਾਰੇ ਕੁਝ ਨਹੀਂ ਕਰ ਰਿਹਾ। ਜੇ ਇਹ ਲੋਕ ਕਾਨੂੰਨੀ ਤੌਰ 'ਤੇ ਇਥੇ ਰਹਿਣ ਦਾ ਹੱਕ ਰੱਖਦੇ ਹਨ ਤਾਂ ਉਨ੍ਹਾਂ ਲਈ ਘਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜੇਕਰ ਇਹ ਗੈਰ ਕਾਨੂੰਨੀ ਤੌਰ 'ਤੇ ਏਧਰ ਆਏ ਹਨ ਤਾਂ ਇਨ੍ਹਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ। ਇੱਕ ਰਾਹਗੀਰ ਨੇ ਗੱਲ ਕਰਦਿਆਂ ਇਹ ਵੀ ਕਿਹਾ ਕਿ ਬਰਤਾਨੀਆਂ ਭਾਰਤ ਨੂੰ ਕਰੋੜਾਂ ਪੌਂਡ ਸਹਾਇਤਾ ਦਿੰਦਾ ਹੈ, ਜੇ ਇਹ ਪੈਸਾ ਇਸ ਪੁਲ ਹੇਠ ਵਸੇ ਇਸ ਨਿੱਕੇ ਪੰਜਾਬ ਦੇ ਨੌਜਵਾਨਾਂ ਦੀ ਮਦਦ ਲਈ ਵਰਤਿਆ ਜਾਵੇ ਤਾਂ ਚੰਗੀ ਗੱਲ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਕੋਲ ਕੰਮ ਕਰਨ ਦਾ ਅਧਿਕਾਰ ਨਹੀਂ ਹੈ, ਇਹ ਰੋਟੀ ਪਾਣੀ ਗੁਰਦੁਆਰਾ ਸਾਹਿਬ ਤੋਂ ਖਾਂਦੇ ਹਨ। ਇਨ੍ਹਾਂ ਵਿੱਚੋਂ ਕਈ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।