ਐਡਮਿੰਟਨ, 13 ਅਪ੍ਰੈਲ - ਅੰਮ੍ਰਿਤਸਰ ਦੇ ਜੰਮਪਲ ਅਲਬਰਟਾ ਦੀ ਲਿਬਰਲ ਪਾਰਟੀ ਦੇ ਨੇਤਾ ਡਾ: ਰਾਜ ਸ਼ਰਮਨ ਨੇ ਚਾਰ ਮੁੱਖ ਪਾਰਟੀਆਂ ਦੇ ਨੇਤਾਵਾਂ ਦੀ ਐਡਮਿੰਟਨ ਵਿਚ ਗਲੋਬਲ ਟੀ. ਵੀ. ਉੱਪਰ ਹੋਈ ਬਹਿਸ ਦੌਰਾਨ ਅਲਬਰਟਾ ਦੀ ਮੁੱਖ ਮੰਤਰੀ ਐਲੀਸਨ ਰੈਡਫੋਰਡ ਨੂੰ ਚੁਣੌਤੀ ਦਿੱਤੀ ਕਿ ਅਗਰ ਉਹ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਉਹ ਰਾਸ਼ੀ ਸਰਕਾਰ ਨੂੰ ਵਾਪਸ ਕਰਨ ਲਈ ਸਹਿਮਤ ਨਹੀਂ ਕਰ ਸਕੀ ਜਿਸ ਦੇ ਉਹ ਹੱਕਦਾਰ ਨਹੀਂ ਸਨ ਤਾਂ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਡਾ: ਰਾਜ ਸ਼ਰਮਨ ਨੇ ਆਪਣੇ ਹਿੱਸੇ ਦੇ ਤਕਰੀਬਨ 22 ਲੱਖ ਰੁਪਏ ਸਰਕਾਰ ਨੂੰ ਵਾਪਸ ਕਰ ਦਿੱਤੇ ਸਨ ਕਿਉਂਕਿ ਸਰਕਾਰ ਵੱਲੋਂ ਬਣਾਈ ਇਕ ਕਮੇਟੀ ਦੀ ਕਦੇ ਮੀਟਿੰਗ ਹੀ ਨਹੀਂ ਹੋਈ ਜਿਸ ਉੱਪਰ ਡਾ: ਰਾਜ ਸ਼ਰਮਨ ਅਤੇ ਕਈ ਹੋਰ ਵਿਧਾਇਕਾਂ ਨੇ ਬੈਠਣਾ ਸੀ, ਪਰ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਸਰਕਾਰ ਦੇ ਬਾਕੀ ਵਿਧਾਇਕਾਂ ਨੇ ਆਪਣੀ ਬਣਦੀ ਰਾਸ਼ੀ ਸਰਕਾਰ ਨੂੰ ਵਾਪਸ ਨਹੀਂ ਸੀ ਕੀਤੀ। ਇਥੇ ਇਹ ਵੀ ਵਰਨਣਯੋਗ ਹੈ ਕਿ ਡਾ: ਰਾਜ ਸ਼ਰਮਨ ਨੂੰ ਸਿਹਤ ਵਿਭਾਗ ਦਾ ਰਾਜ ਮੰਤਰੀ ਹੁੰਦਿਆਂ ਮਹਿਕਮੇ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਨ ਦੀ ਸਜ਼ਾ ਦਿੰਦਿਆਂ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਸੀ। ਉਸ ਤੋਂ ਪਿੱਛੋਂ ਉਹ ਅਲਬਰਟਾ ਦੀ ਲਿਬਰਲ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਚਾਰ ਉਮੀਦਵਾਰਾਂ ਵੱਲੋਂ ਪਾਰਟੀ ਨੇਤਾ ਦੀ ਚੋਣ ਵਿਚ ਸਭ ਤੋਂ ਵਧੇਰੇ ਵੋਟਾਂ ਲੈ ਕੇ ਪਾਰਟੀ ਦੇ ਨੇਤਾ ਚੁਣੇ ਗਏ ਸਨ। ਅਲਬਰਟਾ ਸੂਬੇ ਦੀਆਂ 23 ਅਪ੍ਰੈਲ ਨੂੰ ਹੋ ਰਹੀਆਂ ਚੋਣਾਂ ਵਿਚ ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ। ਪੰਜਾਬ ਅੰਦਰ ਹਾਲ ਹੀ ਵਿਚ ਹੋਈਆਂ ਚੋਣਾਂ ਦੀ ਤਰ੍ਹਾਂ ਇਹ ਦੇਖਣਾ ਹੋਏਗਾ ਕਿ ਕੀ ਕੋਈ ਤੀਸਰੀ ਧਿਰ ਲੋਕਾਂ ਦੀ ਨੁਮਾਇੰਦਗੀ ਕਰ ਸਕੇਗੀ ਕਿ ਨਹੀਂ।