ਟੋਰਾਂਟੋ 29 ਸਤੰਬਰ - ਕੈਨੇਡਾ ਦੀ ਨਾਗਰਿਕਤਾ ਅਪਲਾਈ ਕਰਨ ਵੇਲੇ ਸਾਰੇ ਅਰਜ਼ੀਕਰਤਾਵਾਂ ਨੂੰ ਕੈਨੇਡਾ ਦੀ ਸਰਕਾਰੀ ਭਾਸ਼ਾ (ਅੰਗਰੇਜ਼ੀ ਜਾਂ ਫਰੈਂਚ) ਦੇ ਗਿਆਨ ਦਾ ਸਬੂਤ ਅਰਜ਼ੀ ਨਾਲ ਨੱਥੀ ਕਰਨਾ ਲਾਜ਼ਮੀ ਕੀਤਾ ਜਾ ਰਿਹਾ ਹੈ। ਪਹਿਲੀ ਨਵੰਬਰ 2012 ਤੋਂ ਲਾਗੂ ਕੀਤੇ ਜਾ ਰਹੇ ਨਵੇਂ ਨਿਯਮ ਬਾਰੇ ਸਿਟੀਜ਼ਨਸਿਪ ਐਂਡ ਇਮੀਗ੍ਰੇਸਨ ਮੰਤਰੀ ਜੇਸਨ ਕੈਨੀ ਨੇ ਕਿਹਾ ਕਿ ਹੁਣ ਤੱਕ ਕੈਨੇਡਾ 'ਚ 18 ਤੋਂ 54 ਸਾਲ ਦੀ ਉਮਰ ਦੇ ਵਿਦੇਸ਼ੀਆਂ ਵੱਲੋਂ ਕੈਨੇਡੀਅਨ ਸਿਟੀਜ਼ਨਸਿਪ ਲਈ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਪੜਤਾਲ ਮਗਰੋਂ ਭਾਸ਼ਾ ਅਤੇ ਕੈਨੇਡਾ ਦੇਸ਼ ਬਾਰੇ ਆਮ ਜਾਣਕਾਰੀ ਦੀ ਇਕ ਟੈਸਟ ਰਾਹੀਂ ਪਰਖ ਕੀਤੀ ਜਾਂਦੀ ਹੈ ਜਾਂ ਸਿਟੀਜ਼ਨਸਿਪ ਜੱਜ ਵੱਲੋਂ ਇੰਟਰਵਿਊ ਲੈ ਲਈ ਜਾਂਦੀ ਹੈ ਪਰ ਹੁਣ ਮੰਤਰੀ ਨੇ ਆਖਿਆ ਹੈ ਕਿ ਕੈਨੇਡਾ 'ਚ ਕਾਮਯਾਬ ਹੋਣ ਲਈ ਵਿਦੇਸ਼ੀ ਵਿਅਕਤੀ ਕੋਲ ਅੰਗਰੇਜ਼ੀ ਜਾਂ ਫਰੈਂਚ ਦੀ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ, ਜਿਸ ਕਰਕੇ ਅਰਜ਼ੀ ਦੇ ਨਾਲ ਹੀ ਭਾਸ਼ਾ ਬੋਲਣ ਦੀ ਮੁਹਾਰਤ ਦਾ ਸਬੂਤ ਲਿਆ ਜਾਇਆ ਕਰੇਗਾ। ਇਹ ਸਬੂਤ +2 ਤੱਕ ਦੀ ਅੰਗਰੇਜ਼ੀ/ਫਰੈਂਚ ਨਾਲ ਪੜ੍ਹਾਈ, ਆਇਲੈਟਸ ਜਾਂ ਕੈਨੇਡਾ 'ਚ ਭਾਸ਼ਾ ਸਿੱਖਣ ਲਈ ਕੀਤੇ ਗਏ ਕੋਰਸ ਦੇ ਸਰਟੀਫਿਕੇਟ ਵਜੋਂ ਦਿੱਤੇ ਜਾ ਸਕਦੇ ਹਨ। ਇਸ ਤੋਂ ਬਾਅਦ ਸਿਟੀਜ਼ਨਸਿਪ ਦਾ ਟੈਸਟ ਆਮ ਵਾਂਗ ਲਿਆ ਜਾਂਦਾ ਰਹੇਗਾ। ਉਪਰੋਕਤ ਨਵੇਂ ਨਿਯਮ ਲਾਗੂ ਹੋਣ ਨਾਲ ਵਿਦੇਸੀ (ਅਨਪੜ੍ਹ) ਬਜ਼ੁਰਗਾਂ ਲਈ ਕੈਨੇਡੀਅਨ ਬਣਨਾ ਅਸੰਭਵ ਹੋ ਜਾਵੇਗਾ।