News, Views and Information about NRIs.

A NRI Sabha of Canada's trusted source of News & Views for NRIs around the World.



February 9, 2015

ਜਾਅਲੀ ਫੇਸਬੁੱਕ ਅਕਾਊਂਟ ਬਣਾਉਣ ਨਾਲ ਫੜੀ ਗਈ ਡਾ. ਰਵਦੀਪ ਕੌਰ

ਪਟਿਆਲਾ, 9 ਫਰਵਰੀ - ਜੱਜ ਵਿਜੇ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਡਾ. ਰਵਦੀਪ ਕੌਰ ਨੂੰ ਭਗੌੜੀ ਹੋਣ ਤੋਂ ਬਾਅਦ ਫਰਜ਼ੀ ਫੇਸਬੁੱਕ ਅਕਾਊਂਟ ਬਣਾਉਣਾ ਮਹਿੰਗਾ ਪਿਆ। ਪੈਰੋਲ ‘ਤੇ ਬਾਹਰ ਆਈ ਡਾ. ਰਵਦੀਪ ਕੌਰ ਜਦੋਂ ਘਰ ਵਿੱਚ ਸੁਸਾਈਡ ਨੋਟ ਰੱਖ ਕੇ ਗਾਇਬ ਹੋ ਗਈ ਤਾਂ ਪੁਲਸ ਨੂੰ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਸੀ। ਚਲਾਕ ਡਾ. ਰਵਦੀਪ ਕੌਰ ਨੇ ਨਾ ਮੋਬਾਈਲ ਫੋਨ ਆਪਣੇ ਕੋਲ ਰੱਖਿਆ ਤੇ ਨਾ ਕੋਈ ਹੋਰ ਸੁਰਾਗ ਛੱਡਿਆ, ਜਿਸ ਤੋਂ ਪੁਲਸ ਉਸ ਤੱਕ ਪਹੁੰਚਦੀ। ਰਵਦੀਪ ਨੇ ਆਪਣੀ ਪਛਾਣ ਲੁਕਾਉਣ ਲਈ ਅਰਪਿਤਾ ਜੈਨ ਨਿਵਾਸੀ ਜਲੰਧਰ ਦੇ ਨਾਂਅ ਨਾਲ ਫਰਜ਼ੀ ਵੋਟਰ ਕਾਰਡ ਵੀ ਬਣਵਾਇਆ, ਪਰ ਜਦੋਂ ਉਸ ਨੇ ਫਰਜ਼ੀ ਫੇਸਬੁੱਕ ਖਾਤਾ ਬਣਾ ਕੇ ਪੁਰਾਣੇ ਸਰਕਲ ਵਿੱਚ ਵਿਚਰਨਾ ਸ਼ੁਰੂ ਕੀਤਾ, ਉਥੋਂ ਉਹ ਪੁਲਸ ਦੇ ਟੂੈੰਕ ਵਿੱਚ ਆ ਗਈ।
ਡਾ. ਰਵਦੀਪ ਨੂੰ ਪਟਿਆਲਾ ਪੁਲਸ ਨੇ ਡੀ ਐਸ ਪੀ (ਡੀ) ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਕਾਸ਼ੀਪੁਰ ਉਤਰਾਖੰਡ ਦੇ ਆਈ ਟੀ ਆਈ ਚੌਕ ਤੋਂ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਤਕਰੀਬਨ 13 ਲੱਖ ਰੁਪਏ ਕੈਸ਼ ਅਤੇ 80 ਲੱਖ ਰੁਪਏ ਤੋਂ ਵੱਧ ਸੋਨੇ ਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ। ਡਾ. ਰਵਦੀਪ ਨੇਪਾਲ ਰਾਹੀਂ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਵਿਦੇਸ਼ ਭੱਜਣ ਦੇ ਚੱਕਰ ਵਿੱਚ ਸੀ। ਉਹ ਕਈ ਵਾਰ ਨੇਪਾਲ ਦੇ ਕਾਠਮੰਡੂ ਸਮੇਤ ਹੋਰ ਸ਼ਹਿਰਾਂ ਵਿੱਚ ਜਾ ਚੁੱਕੀ ਸੀ। ਉਤਰਾਖੰਡ ਦੇ ਕਾਸ਼ੀਪੁਰ ਵਿੱਚ ਉਹ ਇਕ ਆਮ ਜਗ੍ਹਾ ‘ਤੇ ਬਹੁਤ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੀ ਸੀ। ਆਪਣੀ ਪਛਾਣ ਛੁਪਾਉਣ ਲਈ ਡਾ. ਰਵਦੀਪ ਨੇ ਜਿਥੇ ਫਰਜ਼ੀ ਆਈ ਡੀ ਕਾਰਡ ਬਣਵਾਇਆ ਸੀ, ਉਥੇ ਫੇਸ਼ੀਅਲ ਥੈਰੇਪੀ ਤੇ ਦੰਦਾਂ ਦਾ ਟਰੀਟਮੈਂਟ ਕਰਵਾ ਕੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ।
ਵਰਨਣ ਯੋਗ ਹੈ ਕਿ ਜੱਜ ਵਿਜੇ ਸਿੰਘ ਕਤਲ ਕੇਸ ਵਿੱਚ ਡਾ. ਰਵਦੀਪ ਕੌਰ ਆਪਣੇ ਸਾਥੀ ਗ੍ਰੰਥੀ ਜੀਤ ਸਿੰਘ ਨਾਲ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ। ਛੇ ਦਸੰਬਰ 2014 ਨੂੰ ਪੈਰੋਲ ‘ਤੇ ਬਾਹਰ ਆਈ ਅਤੇ 15 ਦਸੰਬਰ ਨੂੰ ਉਹ ਨਿਹਾਲ ਬਾਗ ਵਿੱਚ ਆਪਣੇ ਘਰ ਸੁਸਾਈਡ ਨੋਟ ਰੱਖ ਕੇ ਫਰਾਰ ਹੋ ਗਈ, ਜਿਸ ਦੀ ਸੂਚਨਾ ਘਰ ਵਾਲਿਆਂ ਨੇ ਪੁਲਸ ਨੂੰ ਦਿੱਤੀ ਤੇ ਪੁਲਸ ਨੇ ਉਸੇ ਦਿਨ ਤੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 21 ਦਸੰਬਰ ਨੂੰ ਉਸ ਦੀ ਪੈਰੋਲ ਖਤਮ ਹੋਣ ਪਿੱਛੋਂ ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਦੀ ਸ਼ਿਕਾਇਤ ‘ਤੇ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਡਾ. ਰਵਦੀਪ ਖਿਲਾਫ ਕੇਸ ਦਰਜ ਕਰ ਲਿਆ ਸੀ। ਲਗਾਤਾਰ ਡੇਢ ਮਹੀਨੇ ਤੱਕ ਡਾ. ਰਵਦੀਪ ਕੌਰ ਦਾ ਅਤਾ ਪਤਾ ਨਾ ਲੱਗਾ ਤਾਂ ਪਟਿਆਲਾ ਪੁਲਸ ਨੂੰ ਇਸ ਮਾਮਲੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ ਪੁਲਸ ਦੇ ਹੱਥ ਡਾ. ਰਵਦੀਪ ਦਾ ਫਰਜ਼ੀ ਫੇਸਬੁੱਕ ਅਕਾਊਂਟ ਲੱਗਾ ਤਾਂ ਪੁਲਸ ਨੇ ਉਸ ਨੂੰ ਟਰੇਸ ਪਹੁੰਚ ਬਣਾ ਲਈ।