ਸੰਯੁਕਤ ਰਾਸ਼ਟਰ, 20 ਜੁਲਾਈ (ਏਜੰਸੀ)-ਇਸ ਸਾਲ ਅਕਤੂਬਰ ਤੱਕ ਵਿਸ਼ਵ ਦੀ ਆਬਾਦੀ 7 ਅਰਬ ਤੱਕ ਪਹੁੰਚਣ ਦੀ ਉਮੀਦ ਹੈ। 'ਡੇਲੀ ਮੇਲ' ਦੀਆਂ ਖ਼ਬਰਾਂ ਮੁਤਾਬਿਕ ਕਰੀਬ ਇਕ ਦਹਾਕੇ ਪਹਿਲਾਂ ਤੱਕ ਵਿਸ਼ਵ ਦੀ ਜਨਸੰਖਿਆ 6 ਅਰਬ ਸੀ ਪਰ ਪ੍ਰਤੀ ਸਕਿੰਟ ਪੰਜ ਬੱਚਿਆਂ ਦੇ ਜਨਮ ਦੇ ਨਾਲ ਹੀ ਹਰੇਕ ਸਾਲ ਵਿਸ਼ਵ ਦੀ ਆਬਾਦੀ ਵਿਚ 7.8 ਕਰੋੜ ਦਾ ਵਾਧਾ ਹੁੰਦਾ ਹੈ। ਸਾਲ 1960 ਵਿਚ ਵਿਸ਼ਵ ਦੀ ਆਬਾਦੀ ਤਿੰਨ ਅਰਬ ਸੀ ਜਦ ਕਿ 1999 ਵਿਚ ਇਹ ਵਧ ਕੇ 6 ਅਰਬ ਤੱਕ ਪਹੁੰਚ ਗਈ। ਸੰਯੁਕਤ ਰਾਸ਼ਟਰ ਅਨੁਸਾਰ 2025 ਤੱਕ ਵਿਸ਼ਵ ਦੀ ਆਬਾਦੀ 8 ਅਰਬ ਹੋ ਜਾਵੇਗੀ। 'ਨੈਸ਼ਨਲ ਜਿਓਗਰਾਫਿਕ' ਪੱਤ੍ਰਿਕਾ ਵਿਚ 'ਸੱਤ ਅਰਬ' ਨਾਂਅ ਦੇ ਲਿਖੇ ਗਏ ਆਪਣੇ ਲੇਖ ਵਿਚ ਲੇਖਕ ਰਾਬਰਟ ਕੁੰਜਿਗ ਨੇ ਲਿਖਿਆ ਹੈ ਕਿ ਵਿਸ਼ਵ ਦੀ ਆਬਾਦੀ ਤਕਰੀਬਨ ਅੱਠ ਕਰੋੜ ਦੀ ਰਫ਼ਤਾਰ ਨਾਲ ਹਰ ਸਾਲ ਵਧ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਧਰਤੀ 'ਤੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਤਕਰੀਬਨ ਇਕ ਅਰਬ ਦੀ ਆਬਾਦੀ ਰੋਜ਼ਾਨਾ ਭੁੱਖੀ ਰਹਿ ਜਾਂਦੀ ਹੈ। ਉਨ੍ਹਾਂ ਨੇ ਸਵਾਲ ਉਠਾਇਆ ਹੈ ਕਿ ਕਿਸ ਤਰ੍ਹਾਂ 2050 ਤੱਕ ਆਪਾਂ 9 ਅਰਬ ਲੋਕਾਂ ਲਈ ਭੋਜਨ ਮੁਹੱਈਆ ਕਰਵਾ ਸਕਾਂਗੇ, ਇਹ ਇਕ ਵਿਚਾਰ ਕਰਨ ਵਾਲਾ ਪ੍ਰਸ਼ਨ ਹੈ।
No comments:
Post a Comment