ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੀ ਤਰੱਕੀ 'ਚ ਸਿੱਖਾਂ ਦੇ ਯੋਗਦਾਨ ਦੀ ਭਰਪੂਰ ਪ੍ਰਸੰਸ
ਐਬਟਸਫੋਰਡ, 29 ਅਗਸਤ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ 'ਚ ਕੌਮੀ ਵਿਰਾਸਤ ਕਰਾਰ ਦਿੱਤੇ ਗਏ ਉੱਤਰੀ ਅਮਰੀਕਾ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ ਐਬਟਸਫੋਰਡ ਸ਼ਹਿਰ 'ਚ ਸਜਾਏ ਗਏ, ਜਿਨ੍ਹਾਂ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਆਪਣੇ ਮੰਤਰੀਆਂ ਨਾਲ ਪੁੱਜੇ। ਸੌ ਸਾਲ ਜਸ਼ਨਾਂ ਸਬੰਧੀ ਸਮਾਰਕ ਤੋਂ ਪਰਦਾ ਹਟਾਉਣ ਉਪਰੰਤ ਹੈਰੀਟੇਜ ਗੁਰਦੁਆਰਾ ਸਾਹਿਬ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਪਿਛਲੀ ਸਦੀ ਤੋਂ ਹੁਣ ਤੱਕ ਹੋਈ ਤਰੱਕੀ 'ਚ ਸਿੱਖਾਂ ਦੇ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ ਸ: ਟਿਮ ਸਿੰਘ ਉੱਪਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਤਾਬਦੀ ਜਸ਼ਨਾਂ ਨੂੰ ਕੈਨੇਡਾ ਵੱਲੋਂ ਸਰਕਾਰੀ ਸਨਮਾਨ ਦਿੱਤਾ ਜਾਣਾ ਸੰਸਾਰ ਭਰ 'ਚ ਵੱਸਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਪਾਕਿਸਤਾਨ ਤੋਂ ਪੁੱਜੀ ਸਤਿਕਾਰਤ ਸ਼ਖ਼ਸੀਅਤ ਰਾਏ ਅਜ਼ੀਜ਼ ਉੱਲਾ ਸਾਹਿਬ, ਅੰਤਰਰਾਸ਼ਟਰੀ ਵਪਾਰ ਮੰਤਰੀ ਐਡ ਫਾਸਟ, ਕੈਨੇਡਾ ਦੀ ਪਹਿਲੀ ਸਿੱਖ ਇਸਤਰੀ ਸਾਂਸਦ ਨਰਿੰਦਰ ਕੌਰ ਗਰੇਵਾਲ, ਐਮ. ਪੀ. ਦਵਿੰਦਰ ਸ਼ੋਰੀ, ਐਮ. ਪੀ. ਜਿਨੀ ਜੋਗਿੰਦਰ ਕੌਰ ਸਿਮਜ਼ ਤੇ ਸਾਬਕਾ ਐਮ. ਪੀ. ਗੁਰਮੰਤ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਸਿੱਖ ਆਗੂ ਉਦਘਾਟਨੀ ਸਮਾਗਮ 'ਚ ਮੌਜੂਦ ਸਨ। ਸ਼ਹਿਰ ਦੇ ਮੇਅਰ ਜੌਰਜ ਪੈਰੀ ਨੇ ਜਿਉਂ ਹੀ ਆਪਣਾ ਭਾਸ਼ਣ 'ਪੰਜਾਬੀ' ਵਿਚ ਸ਼ੁਰੂ ਕੀਤਾ ਤੇ ਖੁਦ 'ਬੋਲੇ ਸੋ ਨਿਹਾਲ' ਦੇ ਜੈਕਾਰੇ ਗੂੰਜਾਏ, ਤਾਂ ਇਕ ਵਾਰ ਇਉਂ ਲੱਗਿਆ ਕਿ ਐਬਟਸਫੋਰਡ 'ਅੰਮ੍ਰਿਤਸਰ' ਹੋ ਨਿੱਬੜਿਆ ਹੋਵੇ। ਬੀ. ਸੀ. ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੇ ਗੁਲਾਬੀ ਪੁਸ਼ਾਕ ਪਹਿਨੀ ਹੋਈ ਸੀ। ਨਿਸ਼ਚਿਤ ਸਮੇਂ ਤੋਂ ਕੁਝ ਦੇਰੀ ਨਾਲ ਆਰੰਭ ਹੋਏ ਸ਼ਤਾਬਦੀ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਤੇ ਵੱਡੀ ਗਿਣਤੀ 'ਚ ਖੂਬਸੂਰਤ ਫਲੋਟ, ਦਸਮੇਸ਼ ਪੰਜਾਬੀ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ, ਬੀ. ਸੀ. ਸਿੱਖ ਮੋਟਰਸਾਈਕਲ ਕਲੱਬ ਦੇ ਦਸਤਾਰਧਾਰੀ ਮੈਂਬਰਾਂ, ਪ੍ਰਸਿੱਧ ਕਵੀਸ਼ਰੀ ਤੇ ਢਾਡੀ ਜਥਿਆਂ ਦੀ ਸ਼ਮੂਲੀਅਤ ਪ੍ਰਭਾਵਸ਼ਾਲੀ ਰਹੀ। ਰੋਟਰੀ ਸਟੇਡੀਅਮ 'ਚ ਲੱਗੀ ਪ੍ਰਮੁੱਖ ਸਟੇਜ ਤੋਂ ਪੰਜਾਬ ਤੋਂ ਆਏ ਜਥੇਦਾਰ ਮਹਿੰਦਰ ਸਿੰਘ ਰੁਪਾਣਾ, ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਨੂੰ ਵਿਰਾਸਤੀ ਲਾਇਬ੍ਰੇਰੀ ਲਈ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ, ਜਦੋਂਕਿ ਲਿਬਰਲ ਪਾਰਟੀ ਦੇ ਐਮ. ਪੀ. ਰਹੇ ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਵੱਲੋਂ ਸਿੱਖ ਮੁੱਦਿਆਂ ਦੀ ਜ਼ੋਰਦਾਰ ਸ਼ਬਦਾਂ 'ਚ ਵਕਾਲਤ ਕੀਤੀ ਗਈ। ਨਗਰ ਕੀਰਤਨ 'ਚ ਉਕਤ ਬੁਲਾਰਿਆਂ ਤੋਂ ਇਲਾਵਾ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਐਡਰੀਅਨ ਡਿਕਸ, ਵਿਧਾਇਕ ਜਗਰੂਪ ਸਿੰਘ ਬਰਾੜ, ਰਾਜ ਚੌਹਾਨ ਬਰੂਸ ਰਲਸਟਨ, ਵਿਧਾਇਕ ਲਿਬਰਲ ਪਾਰਟੀ ਦੇਵ ਹੇਅਰ, ਸਾਬਕਾ ਮੰਤਰੀ ਡਾ: ਗੁਲਜ਼ਾਰ ਸਿੰਘ ਚੀਮਾ, ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਸ: ਪ੍ਰੇਮ ਸਿੰਘ ਬਿਨਿੰਗ, ਅਮਰੀਕਾ ਤੋਂ ਪੁੱਜੇ ਸਿੱਖ ਆਗੂ ਸ: ਦੀਦਾਰ ਸਿੰਘ ਬੈਂਸ, ਸ਼ੇਰੇ ਪੰਜਾਬ ਰੇਡੀਓ ਦੇ ਨਿਰਦੇਸ਼ਕ ਸ: ਅਜੀਤ ਸਿੰਘ ਬਾਧ, ਐਬਟਸਫੋਰਡ ਦੇ ਡਿਪਟੀ ਮੇਅਰ ਮੋਅ ਗਿੱਲ, ਮਿਸ਼ਨ ਦੇ ਡਿਪਟੀ ਮੇਅਰ ਟੈਰੀ ਗਿਧਾ, ਸਾਬਕਾ ਮੇਅਰ ਜੌਰਜ ਫਰਗੂਸਨ, ਜਤੀ ਸਿੱਧੂ, ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਾਹਿਬਾਨ, ਬੀ. ਸੀ. ਦੀਆਂ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕ, ਸਪੋਰਟਸ ਕਮੇਟੀਆਂ, ਸੱਭਿਆਚਾਰਕ ਸੰਸਥਾਵਾਂ ਸਮੇਤ ਸਮੂਹ ਜਥੇਬੰਦੀਆਂ ਨੇ ਭਰਪੂਰ ਹਾਜ਼ਰੀ ਲੁਆਈ। ਐਬਟਸਫੋਰਡ ਸੌਕਰ ਕਲੱਬ ਦੇ ਵਲੰਟੀਅਰਾਂ ਨੇ ਗਰਬੇਜ ਤੇ ਸਫਾਈ ਦੀ ਅਣਥੱਕ ਸੇਵਾ ਕੀਤੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ. ਕਾਬਲ ਸਿੰਘ ਨੇ ਸ਼ਤਾਬਦੀ ਨਗਰ ਕੀਰਤਨ 'ਚ ਸ਼ਾਮਿਲ ਹੋਏ ਸਮੂਹ ਭਾਈਚਾਰਿਆਂ ਦਾ ਧੰਨਵਾਦ ਕੀਤਾ। ਸੇਵਾਦਾਰਾਂ ਸ. ਜਤਿੰਦਰ ਸਿੰਘ ਗਿੱਲ ਤੇ ਸ. ਸਤਨਾਮ ਸਿੰਘ ਗਿੱਲ ਸਮੇਤ ਸਾਰੇ ਪ੍ਰਬੰਧਕਾਂ ਵਲੋਂ ਭਰਪੂਰ ਸੇਵਾਵਾਂ ਨਿਭਾਈਆਂ ਗਈਆਂ।
No comments:
Post a Comment