ਐਡਮਿੰਟਨ, 5 ਨਵੰਬਰ -ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਦੇ ਐਲਾਨ ਕਿ ਕੈਨੇਡਾ ਵਿਚ ਰਹਿੰਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ (ਫੈਮਿਲੀ ਕੈਟਾਗਰੀ) ਨੂੰ ਨਹੀਂ ਬੁਲਾ ਸਕਣ ਦੇ ਬਿਆਨ ਨੇ ਖਲਬਲੀ ਮਚਾ ਦਿੱਤੀ ਹੈ। ਮੰਤਰੀ ਜੇਸਨ ਕੇਨੀ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਪਿਛਲੀਆਂ ਲਗਭਗ 180,000 ਅਰਜ਼ੀਆਂ ਨੂੰ ਨਿਪਟਾਉਣ ਲਈ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹਰ ਸਾਲ 15,300 ਪਰਿਵਾਰ ਕੈਨੇਡਾ ਆਉਂਦੇ ਸਨ ਪ੍ਰੰਤੂ ਹੁਣ ਉਨ੍ਹਾਂ ਦਾ ਮਹਿਕਮਾ 60 ਪ੍ਰਤੀਸ਼ਤ ਪੁਰਾਣੀਆਂ ਅਰਜ਼ੀਆਂ 'ਤੇ ਕੰਮ ਕਰਕੇ ਲਗਭਗ 25000 ਦੇ ਕਰੀਬ ਪਰਿਵਾਰਾਂ ਨੂੰ ਹਰ ਸਾਲ ਕੈਨੇਡਾ ਦਾ ਵੀਜ਼ਾ ਜਾਰੀ ਕਰੇਗਾ, ਜਿਸ ਅਧੀਨ ਪੁਰਾਣੀਆਂ ਅਰਜ਼ੀਆਂ ਜਲਦ ਨਿਪਟਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਮੰਤਰੀ ਨੇ ਕੁਝ ਰਾਹਤ ਦਿੰਦਿਆਂ ਸੁਪਰ ਵੀਜ਼ਾ ਨਾਮਕ ਪ੍ਰਣਾਲੀ ਲਾਗੂ ਕੀਤੀ ਹੈ, ਜਿਸ ਅਧੀਨ ਜਿਹੜੇ ਲੋਕ ਆਪਣੇ ਮਾਂ-ਬਾਪ ਨੂੰ ਕੈਨੇਡਾ ਘੁੰਮਣ ਲਈ ਸੱਦਣਾ ਚਾਹੁੰਦੇ ਹਨ, ਉਹ 10 ਸਾਲ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਵੀਜ਼ਾ ਮਿਲਣ ਤੋਂ ਬਾਅਦ ਮਾਂ-ਬਾਪ ਲਗਭਗ 2 ਸਾਲ ਲਗਾਤਾਰ ਕੈਨੇਡਾ ਆਪਣੇ ਪਰਿਵਾਰ ਕੋਲ ਰਹਿ ਸਕਦੇ ਹਨ ਪ੍ਰੰਤੂ ਉਸ ਨੂੰ ਲਗਭਗ 17000 ਡਾਲਰ ਦੀ ਸਾਲਾਨਾ ਕਮਾਈ ਅਤੇ ਸਿਹਤ ਸੇਵਾਵਾਂ ਲਈ ਬੀਮਾ ਆਦਿ ਦੇ ਸਬੂਤ ਪੇਸ਼ ਕਰਨੇ ਹੋਣਗੇ। ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਨੋਟਿਸ ਜਾਰੀ ਕਰਨਾ ਚਾਹੀਦਾ ਸੀ, ਜਿਸ ਦੌਰਾਨ ਕਈ ਪਰਿਵਾਰ ਕੈਨੇਡਾ ਇਸ ਲਈ ਆਏ ਹਨ ਕਿ ਉਹ ਪਿੱਛੇ ਰਹਿੰਦੇ ਪਰਿਵਾਰ ਨੂੰ ਵੀ ਕੈਨੇਡਾ ਸੱਦ ਸਕਣ। ਇਸ ਅਧੀਨ ਉਨ੍ਹਾਂ ਮਿਲੀਅਨ ਡਾਲਰ ਖਰਚ ਕਰਕੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਲਾਭ ਪਹੁੰਚਾਇਆ ਹੈ। ਇਸ ਫੈਸਲੇ ਨਾਲ ਕੈਨੇਡਾ ਦੇ ਹਰ ਸੂਬੇ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਉਦਾਸੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
No comments:
Post a Comment