ਰੋਮ (ਬਰੇਸ਼ੀਆ), 19 ਜਨਵਰੀ (ਪਰਮਜੀਤ ਦੁਸਾਂਝ, ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਇਕ ਲਗਜ਼ਰੀ ਕਰੂਜ਼ ਸ਼ਿਪ ਦੇ ਪੱਛਮੀ ਕੰਢੇ ਨੇੜੇ ਬੀਤੇ ਦਿਨੀਂ ਉਲਟਣ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 11 ਹੋ ਗਈ। ਹਾਦਸੇ ਤੋਂ 4 ਦਿਨ ਬਾਅਦ ਵੀ ਇਸ ਕਰੂਜ਼ 'ਤੇ ਸਵਾਰ 23 ਵਿਅਕਤੀ ਲਾਪਤਾ ਹਨ। ਰਾਹਤ ਅਤੇ ਬਚਾਅ ਮੁਲਾਜ਼ਮਾਂ ਨੇ ਮੰਗਲਵਾਰ ਸਮੁੰਦਰ 'ਚੋਂ ਇਕ ਔਰਤ ਅਤੇ 4 ਹੋਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। 6 ਵਿਅਕਤੀਆਂ ਦੀਆਂ ਲਾਸ਼ਾਂ ਪਹਿਲਾਂ ਹੀ ਬਰਾਮਦ ਹੋ ਚੁੱਕੀਆਂ ਹਨ। ਦੇਸ਼ ਦੇ ਚੌਗਿਰਦਾ ਮੰਤਰੀ ਮੁਤਾਬਿਕ ਹੁਣ ਇਸ ਜਹਾਜ਼ ਦੇ ਕਿਸੇ ਵੀ ਮੁਸਾਫਿਰ ਦੇ ਜ਼ਿੰਦਾ ਹੋਣ ਦੀ ਸੰਭਾਵਨਾ ਘੱਟ ਹੀ ਹੈ। ਇਸ ਕਰੂਜ਼ 'ਚ 4200 ਤੋਂ ਵੱਧ ਵਿਅਕਤੀ ਸਵਾਰ ਸਨ। ਬੀਤੇ ਦਿਨੀਂ ਸਮੁੰਦਰ ਵਿਚ ਡੁੱਬੇ ਇਟਲੀ ਦੇ ਕਰੂਜ਼ ਲਾਈਨਰ ਦੇ ਕਪਤਾਨ ਨੂੰ ਉਸ ਦੇ ਘਰ ਲਿਆ ਕੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਖਰਾਬ ਮੌਸਮ ਕਾਰਨ ਇਸ ਸਬੰਧੀ ਜਾਰੀ ਰਾਹਤ ਕੰਮਾਂ 'ਚ ਰੁਕਾਵਟ ਆਉਣ ਦਾ ਖਦਸ਼ਾ ਹੈ। ਗੋਤਾਖੋਰਾਂ ਅਤੇ ਦੂਜੀਆਂ ਰਾਹਤ ਟੀਮਾਂ ਨੇ ਖਬਰ ਲਿਖੇ ਜਾਣ ਤੱਕ ਡੁੱਬੇ ਜਹਾਜ਼ ਵਿਚੋਂ 11 ਲਾਸ਼ਾਂ ਬਰਾਮਦ ਕਰ ਲਈਆਂ ਸਨ। ਇਨ੍ਹਾਂ ਵਿਚੋਂ ਕੁਝ ਲਾਸ਼ਾਂ ਜਹਾਜ਼ ਦੇ ਨੇੜਲੇ ਖੇਤਰ ਵਿਚੋਂ ਵੀ ਬਰਾਮਦ ਹੋਈਆਂ। ਹਾਲੇ 20 ਮੁਸਾਫਿਰ ਅਤੇ ਅਮਲੇ ਦੇ ਮੈਂਬਰ ਲਾਪਤਾ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਰਿਸ਼ਤੇਦਾਰ ਤੇ ਹੋਰ ਨਜ਼ਦੀਕੀ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦੂਜੇ ਪਾਸੇ ਇਸ ਦੇ 52 ਸਾਲਾ ਕਪਤਾਨ ਫਰਾਂਸਿਸਕੋ ਸ਼ੈਟੀਨੋ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਸ ਨੂੰ ਅਖਬਾਰਾਂ ਵੱਲੋਂ 'ਇਟਲੀ ਦਾ ਸਭ ਤੋਂ ਵੱਧ ਘ੍ਰਿਣਤ ਵਿਅਕਤੀ' ਕਰਾਰ ਦਿੱਤਾ ਜਾ ਰਿਹਾ ਹੈ। ਇਸ ਵੇਲੇ ਇਸ ਜਹਾਜ਼ ਦਾ ਬਚਿਆ ਹਿੱਸਾ ਇਕ ਚਟਾਨ ਉਤੇ ਫਸਿਆ ਹੋਇਆ ਹੈ ਅਤੇ ਇਹ ਥੋੜ੍ਹਾ ਹਿੱਲ ਗਿਆ ਦੱਸਿਆ ਜਾਂਦਾ ਹੈ। ਰਾਹਤਕਾਰਾਂ ਦਾ ਕਹਿਣਾ ਹੈ ਕਿ ਜਹਾਜ਼ ਹੋਰ ਤਿਲਕ ਕੇ ਖੁੱਲ੍ਹੇ ਸਮੁੰਦਰ ਵਿਚ ਪੂਰੀ ਤਰ੍ਹਾਂ ਡੁੱਬ ਸਕਦਾ ਹੈ। ਇਸ ਦੇ ਤਿਲਕਣ ਅਤੇ ਖਰਾਬ ਮੌਸਮ ਕਾਰਨ ਰਾਹਤ ਕਾਰਜ ਰੋਕੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।
No comments:
Post a Comment