ਬੀ. ਸੀ. ਦੇ ਵਿਧਾਇਕ ਲਿਬਰਲ ਕੈਸ਼ ਹੀਡ ਅਤੇ ਕਾਕਸ ਚੇਅਰ ਗੋਰਡਨ ਹੋਗ ਵਿਸ਼ਵ ਸਿੱਖ
ਸੰਸਥਾ ਦੇ ਸਮਾਗਮ 'ਚ ਹਾਜ਼ਰੀ ਲਵਾਉਂਦੇ ਹੋਏ।
ਵੈਨਕੂਵਰ, 28 ਅਪ੍ਰੈਲ - ਬ੍ਰਿਟਿਸ਼ ਕੋਲੰਬੀਆ 'ਚ ਦਸਤਾਰਧਾਰੀ ਸਿੱਖ ਮੋਟਰਸਾਈਕਲ ਸਵਾਰਾਂ ਲਈ, ਲੋਹਟੋਪ ਤੋਂ ਛੋਟ ਲਈ 'ਮੋਟਰ ਵਹੀਕਲ ਐਕਟ' 'ਚ ਸੋਧਾਂ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਹੁਣ ਕਈ ਕੰਮਾਂਕਾਰਾਂ 'ਤੇ ਹੈਲਮਟ ਲਾਜ਼ਮੀ ਪਹਿਨਣ ਦੇ ਨਿਯਮਾਂ 'ਚ ਤਬਦੀਲੀ ਲਈ, ਸਿੱਖ ਸੰਸਥਾਵਾਂ ਨੇ ਸੂਬਾਈ ਸਰਕਾਰ ਕੋਲ ਆਵਾਜ਼ ਉਠਾਈ ਹੈ। ਇਸ ਸਬੰਧੀ ਪਹਿਲ-ਕਦਮੀ ਕਰਦਿਆਂ ਵਿਸ਼ਵ ਸਿੱਖ ਸੰਸਥਾ, ਕੈਨੇਡਾ ਨੇ ਕਲੋਨਾ 'ਚ ਆਪਣੀ 27ਵੀਂ ਸਾਲਾਨਾ ਕਨਵੈਨਸ਼ਨ 'ਚ, ਸਰਕਾਰੀ ਧਿਰ ਦੇ ਲਿਬਰਲ ਵਿਧਾਇਕ ਕਸ਼ਮੀਰ ਸਿੰਘ ਕੈਸ਼ ਹੀਡ ਅਤੇ ਲਿਬਰਲ ਕਾਕਸ ਦੇ ਚੇਅਰ ਗੋਰਡਨ ਹੋਗ ਨੂੰ, ਇਸ ਸਬੰਧ 'ਚ ਅਹਿਮ ਦਸਤਾਵੇਜ਼ ਵੀ ਸੌਂਪੇ। ਸਾਬਕਾ ਸਾਲਿਸਟਰ ਜਨਰਲ ਅਤੇ ਪੱਛਮੀ ਵੈਨਕੂਵਰ ਦੇ ਸਾਬਕਾ ਪੁਲਿਸ ਮੁਖੀ ਐਮ. ਐਲ. ਏ. ਕੈਸ਼ ਹੀਡ ਨੇ ਜ਼ੋਰਦਾਰ ਸ਼ਬਦਾਂ 'ਚ, ਦਸਤਾਰਧਾਰੀ ਸਿੱਖਾਂ ਨੂੰ ਕੰਮਾਂ ਤੋਂ ਲੋਹਟੋਪ ਪਹਿਨਣ ਤੋਂ ਛੋਟ ਨੂੰ ਜਾਇਜ਼ ਠਹਿਰਾਉਂਦਿਆਂ, ਹੋਰਨਾਂ ਵਿਧਾਇਕਾਂ ਵੱਲੋਂ ਵੀ ਹਾਂ-ਪੱਖੀ ਹੁੰਗਾਰਾ ਦਰਸਾਇਆ ਗਿਆ ਹੈ। ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਬਿਨਿੰਗ ਨੇ ਕੈਸ਼ ਹੀਡ ਅਤੇ ਗੋਰਡਨ ਹੋਗ ਦੀ ਸ਼ਲਾਘਾ ਕਰਦਿਆਂ, ਇਨ੍ਹਾਂ ਯਤਨਾਂ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਸਾਬਕਾ ਲਿਬਰਲ ਸਾਂਸਦ ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਨੇ ਦਸਤਾਰ ਨੂੰ ਸਿੱਖਾਂ ਲਈ 'ਆਰਟੀਕਲ ਆਫ ਫੇਥ' ਦੱਸਦਿਆਂ ਲੰਮੇ ਸਮੇਂ ਤੋਂ ਹੋ ਰਹੇ ਉਪਰਾਲਿਆਂ ਨੂੰ ਸਿਰੇ ਚਾੜ੍ਹਨ ਲਈ ਦ੍ਰਿੜ੍ਹਤਾ ਦਿਖਾਈ ਹੈ। ਸਿੱਖ ਸੰਸਥਾਵਾਂ ਖ਼ਾਲਸਾ ਦੀਵਾਨ ਸੁਸਾਇਟੀ, ਸੁੱਖ ਸਾਗਰ ਨਿਊਵੈਸਟ ਮਨਿਸਟਰ ਦੇ ਪ੍ਰਧਾਨ ਹਰਭਜਨ ਸਿੰਘ ਅਠਵਾਲ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਗਿਆਨ ਸਿੰਘ ਗਿੱਲ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ ਦੇ ਜਨਰਲ ਸਕੱਤਰ ਰਣਜੀਤ ਸਿੰਘ ਖ਼ਾਲਸਾ, ਗੁਰਦੁਆਰਾ ਸਿੰਘ ਸਭਾ ਸਰੀ ਦੇ ਪ੍ਰਧਾਨ ਜੋਗਿੰਦਰ ਸਿੰਘ ਸਿੱਧੂ, ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਸੂਬੇ ਅੰਦਰ ਮੋਟਰਸਾਈਕਲ ਸਵਾਰ ਦਸਤਾਰਧਾਰੀ ਸਿੱਖ ਵਜੋਂ ਸੰਘਰਸ਼ ਜਿੱਤਣ ਵਾਲੇ ਪਹਿਲੇ ਸਿੱਖ ਅਵਤਾਰ ਸਿੰਘ ਢਿੱਲੋਂ, ਡਾ: ਰਘਬੀਰ ਸਿੰਘ ਬੈਂਸ, ਮੋਤਾ ਸਿੰਘ ਝੀਤਾ, ਇੰਦਰਜੀਤ ਕੌਰ ਸਿੱਧੂ ਅਤੇ ਕਸ਼ਮੀਰ ਸਿੰਘ ਸਮੇਤ ਅਨੇਕਾਂ ਹੋਰਨਾਂ ਨੇ ਲੋਹਟੋਪ ਦੀ ਛੋਟ ਲਈ ਜ਼ਰੂਰੀ ਤਰਮੀਮਾਂ ਲਈ ਵਿਧਾਇਕਾਂ ਨੂੰ ਤੁਰੰਤ ਕਦਮ ਉਠਾਉਣ ਲਈ ਅਪੀਲ ਕੀਤੀ ਹੈ।
No comments:
Post a Comment