News, Views and Information about NRIs.

A NRI Sabha of Canada's trusted source of News & Views for NRIs around the World.



May 1, 2012

ਕਈ ਦਹਾਕਿਆਂ ਪਿੱਛੋਂ ਅਪ੍ਰੈਲ ਦੇ ਠੰਢੇ ਮੌਸਮ ਨੇ ਰਿਕਾਰਡ ਤੋੜਿਆ

ਪਟਿਆਲਾ, 1 ਮਈ-ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ 'ਚ ਮੌਸਮ ਦੇ ਬਦਲਦੇ ਮਿਜਾਜ਼ ਕਾਰਨ ਇਸ ਵਾਰ ਨਵੇਂ ਹੀ ਤਜ਼ਰਬੇ ਸਾਹਮਣੇ ਆ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੌਸਮ ਪਿਛਲੇ ਲੰਬੇ ਸਮੇਂ ਪਿੱਛੋਂ ਦੇਖਣ ਨੂੰ ਮਿਲਿਆ ਹੈ ਜਿਸ ਦਾ ਨਵੀਂ ਪੀੜ੍ਹੀ ਪਹਿਲੀ ਵਾਰ ਨਜ਼ਾਰਾ ਦੇਖ ਰਹੀ ਹੈ। 
ਮੌਸਮ ਕਾਰਨ ਹੀ ਪਹਾੜਾਂ ਦੀਆਂ ਟੀਸੀਆਂ 'ਤੇ ਇਸ ਵਾਰ ਬਰਫ਼ ਦੇ ਪਿਘਲਣ ਦੀ ਰਫ਼ਤਾਰ ਵੀ ਸੁਸਤ ਬਣੀ ਹੋਈ ਹੈ। ਇਨ੍ਹਾਂ ਦਿਨਾਂ 'ਚ ਮੈਦਾਨੀ ਇਲਾਕਿਆਂ ਦਾ ਤਾਪਮਾਨ ਵਧ ਕੇ ਅੰਦਾਜ਼ਨ 35-36 ਦਰਜੇ ਸੈਂਟੀਗਰੇਡ ਤੱਕ ਵਧ ਜਾਂਦਾ ਸੀ ਤੇ ਅੱਜ-ਕੱਲ੍ਹ ਇਹ ਤਾਪਮਾਨ ਹਾਲੇ 30 ਦਰਜੇ ਸੈਂਟੀਗਰੇਡ ਦੇ ਨਜ਼ਦੀਕ ਚੱਲ ਰਿਹਾ ਹੈ। ਪਹਿਲਾਂ ਵਧੇ ਤਾਪਮਾਨ ਕਾਰਨ ਇਨ੍ਹਾਂ ਦਿਨਾਂ ਵਿਚ ਲੂ ਚੱਲ ਪਿਆ ਕਰਦੀ ਸੀ ਪਰ ਹਾਲੇ ਤੱਕ ਇਸ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ। ਇਸ ਦਾ ਸਿੱਧਾ ਅਸਰ ਸਾਡੇ ਡੈਮਾਂ ਦੀਆਂ ਝੀਲਾਂ 'ਤੇ ਪਿਆ ਹੈ ਕਿਉਂਕਿ ਪਹਾੜਾਂ ਦੀਆਂ ਟੀਸੀਆਂ 'ਤੇ ਹਾਲੇ ਵੀ ਤਾਪਮਾਨ ਬਹੁਤ ਹੇਠਾਂ ਚੱਲ ਰਿਹਾ ਹੈ। ਕਈ ਖੇਤਰਾਂ ਵਿਚ ਹਾਲੇ ਵੀ ਬਰਫ਼ਬਾਰੀ ਹੋ ਰਹੀ ਹੈ ਅਤੇ ਘੱਟ ਤਾਪਮਾਨ ਕਾਰਨ ਹੀ ਬਰਫ਼ ਬਹੁਤ ਘੱਟ ਪਿਘਲ ਰਹੀ ਹੈ ਜਿਸ ਦਾ ਸਿੱਧਾ ਅਸਰ ਪਾਣੀ ਆਮਦ 'ਤੇ ਪਿਆ ਹੈ। ਪਾਣੀ ਦੀ ਆਮਦ ਘਟਣ ਕਾਰਨ ਸਾਡੇ ਡੈਮਾਂ ਦੀਆਂ ਝੀਲਾਂ 'ਤੇ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਹੈ ਜੋ ਆਪਣੇ ਆਪ 'ਚ ਰਿਕਾਰਡ ਮੰਨਿਆ ਜਾ ਰਿਹਾ ਹੈ। ਮਾਹਿਰਾਂ ਮੁਤਾਬਿਕ ਅਪ੍ਰੈਲ ਦਾ ਇਹ ਠੰਢਾ ਮੌਸਮ ਵੀ ਅੰਦਾਜ਼ਨ 7 ਦਹਾਕੇ ਪਿੱਛੋਂ ਦੇਖਣ ਨੂੰ ਮਿਲਿਆ ਹੈ, ਜੋ ਆਪਣੇ ਆਪ 'ਚ ਅਹਿਮ ਹੈ। 
ਜੇਕਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਤੇ ਝਾਤੀ ਮਾਰੀ ਜਾਵੇ ਤਾਂ ਇੱਥੇ ਪਾਣੀ ਦਾ ਪੱਧਰ ਇਸ ਵੇਲੇ 1557 ਫੁੱਟ 'ਤੇ ਹੈ ਜੋ ਪਿਛਲੇ ਵਰ੍ਹੇ ਤੋਂ ਅੰਦਾਜ਼ਨ 30 ਫੁੱਟ ਘੱਟ ਹੈ। ਇਸ ਡੈਮ 'ਤੇ ਪਾਣੀ ਦੀ ਆਮਦ ਇਸ ਵਰ੍ਹੇ ਹਾਲੇ ਤੱਕ 12970 ਕਿਊਸਕ ਦੇ ਹਿਸਾਬ ਨਾਲ ਆ ਰਹੀ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਝੀਲ ਵਿਚ ਪਾਣੀ ਦੀ ਆਮਦ 13800 ਕਿਊਸਕ ਦੇ ਹਿਸਾਬ ਹੋ ਰਹੀ ਸੀ। ਪਾਣੀ ਪੱਧਰ ਪ੍ਰਤੀ ਸੁਚੇਤ ਹੋਈ ਭਾਖੜਾ ਮੈਨੇਜਮੈਂਟ ਨੇ ਹੁਣ ਪਾਣੀ ਦੀ ਨਿਕਾਸੀ ਵੀ ਘਟਾ ਦਿੱਤੀ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਵਰ੍ਹੇ ਪਾਣੀ ਨਿਕਾਸੀ 21 ਹਜ਼ਾਰ ਕਿਊਸਕ ਸੀ ਜੋ ਹੁਣ ਘਟਾ ਕੇ 14000 ਕਿਊਸਕ ਕਰ ਦਿੱਤੀ ਗਈ ਹੈ ਤਾਂ ਜੋ ਪਾਣੀ ਦਾ ਪੱਧਰ ਹੋਰ ਹੇਠਾਂ ਨਾ ਜਾ ਸਕੇ। ਗੌਰਤਲਬ ਹੈ ਕਿ ਪਹਿਲਾਂ ਵੀ ਪਾਣੀ ਦਾ ਪੱਧਰ ਇਸ ਡੈਮ 'ਚ ਹੇਠਾਂ ਆਇਆ ਹੈ। ਅੰਕੜੇ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਭਾਖੜਾ ਦਾ ਪਾਣੀ ਪੱਧਰ 9 ਅਪ੍ਰੈਲ 2010 ਨੂੰ 1516.46 ਫੁੱਟ ਅਤੇ 12 ਅਪ੍ਰੈਲ 2008 ਨੂੰ 1515. 22 ਫੁੱਟ ਅਤੇ 9 ਅਪ੍ਰੈਲ 2003 ਨੂੰ 1505.02 ਫੁੱਟ ਮਾਪਿਆ ਗਿਆ ਸੀ। ਭਾਖੜਾ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਆਉਣ ਵਾਲੀ ਮਾਨਸੂਨ ਦੀ ਭਵਿੱਖਬਾਣੀ ਨੂੰ ਵੀ ਸਾਹਮਣੇ ਰੱਖ ਕੇ ਝੀਲਾਂ ਵਿਚ ਪਾਣੀ ਭੰਡਾਰ ਕਰਦੇ ਹਨ। ਇਸ ਡੈਮ ਵਿਚ ਵੱਧ ਤੋਂ ਵੱਧ ਪਾਣੀ 1688 ਫੁੱਟ ਤੇ ਅਤਿ ਸੰਵੇਦਨਸ਼ੀਲ ਸਮਿਆਂ 'ਚ 1690 ਫੁੱਟ ਤੱਕ ਭੰਡਾਰ ਕੀਤਾ ਜਾ ਸਕਦਾ ਹੈ ਪਰ 1680 ਦਾ ਅੰਕੜਾ ਪਾਰ ਕਰਦਿਆਂ ਹੀ ਭਾਖੜਾ ਬੋਰਡ ਚੌਕਸੀ ਦਾ ਐਲਾਨ ਕਰ ਦਿੰਦਾ ਹੈ। 
ਡੈਹਰ ਡੈਮ ਦੀ ਝੀਲ ਦੇ ਅੰਕੜੇ ਦੇਖੇ ਜਾਣ ਤਾਂ ਇਸ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ ਇਸ ਵਾਰ 2923 ਫੁੱਟ ਤੱਕ ਅੱਪੜਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਝੀਲ ਵਿਚ ਪਾਣੀ ਦਾ ਪੱਧਰ 2929 ਫੁੱਟ ਸੀ। ਇਸ ਡੈਮ ਦੀ ਝੀਲ ਵਿਚ ਪਾਣੀ ਦੀ ਆਮਦ 5500 ਕਿਊਸਕ ਤੇ ਨਿਕਾਸੀ 7631 ਕਿਊਸਕ ਹੈ ਜੋ ਪਿਛਲੇ ਵਰ੍ਹੇ ਕ੍ਰਮਵਾਰ 5400 ਤੇ 6135 ਕਿਊਸਕ ਸੀ। 
ਸਾਡਾ ਤੀਜਾ ਪੌਂਗ ਡੈਮ ਵੀ ਆਪਣੇ ਆਪ 'ਚ ਅਹਿਮ ਹੈ । ਇਸ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ 1323 ਫੁੱਟ ਹੈ ਜੋ ਪਿਛਲੇ ਵਰ੍ਹੇ 1346 ਫੁੱਟ ਸੀ। ਇਸ ਡੈਮ ਦੀ ਝੀਲ 'ਚ ਪਾਣੀ ਦੀ ਆਮਦ 2063 ਤੇ ਨਿਕਾਸੀ 3525 ਕਿਊਸਕ ਹੈ। 
ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੀ ਝੀਲ ਦੇ ਅੰਕੜਿਆਂ 'ਤੇ ਝਾਤੀ ਮਾਰੀ ਜਾਵੇ ਤਾਂ ਸਪਸ਼ਟ ਹੈ ਕਿ ਇਸ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 497 ਮੀਟਰ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਡੈਮ ਵਿਚ ਪਾਣੀ ਦਾ ਪੱਧਰ 509 ਮੀਟਰ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਇਸ ਡੈਮ 'ਚ ਪਾਣੀ ਦੀ ਆਮਦ ਤੇ ਨਿਕਾਸੀ 9280 ਦੇ ਅੰਕੜੇ ਨਾਲ ਬਰਾਬਰ ਹੀ ਹੈ। ਇਸ ਡੈਮ ਦੀ ਝੀਲ 'ਚ ਪਿਛਲੇ ਵਰ੍ਹੇ 6427 ਦੀ ਆਮਦ ਤੇ 7600 ਕਿਊਸਕ ਦੀ ਦਰ ਨਾਲ ਪਾਣੀ ਦੀ ਨਿਕਾਸੀ ਹੋ ਰਹੀ ਸੀ। ਜੇਕਰ ਪਾਣੀ ਦੀ ਆਮਦ ਘੱਟ ਰਹਿੰਦੀ ਹੈ ਤਾਂ ਇਸ ਦਾ ਅਸਰ ਆਉਣ ਵਾਲੇ ਦਿਨਾਂ 'ਤੇ ਪਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਪਾਣੀ ਦੀ ਆਮਦ ਤਾਪਮਾਨ 'ਤੇ ਨਿਰਭਰ ਕਰਦੀ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਿਜਲੀ ਦੀ ਮੰਗ ਨੂੰ ਦੇਖਦਿਆਂ, ਉਸੇ ਦਰ ਨਾਲ ਉਤਪਾਦਨ ਕੀਤਾ ਜਾਂਦਾ ਹੈ। 
ਬਿਜਲੀ ਉਤਪਾਦਨ ਘਟਿਆ -ਸਾਰੇ ਹੀ ਡੈਮਾਂ ਵਿਚ ਪਾਣੀ ਦੀ ਨਿਕਾਸੀ ਘਟਣ ਕਾਰਨ ਬਿਜਲੀ ਉਤਪਾਦਨ ਵੀ ਘਟਿਆ ਹੈ। ਭਾਖੜਾ ਦੇ ਪ੍ਰਾਜੈਕਟਾਂ ਤੋਂ ਜਿੱਥੇ ਪਿਛਲੇ ਵਰ੍ਹੇ ਉਤਪਾਦਨ 124 ਲੱਖ ਯੂਨਿਟ ਸੀ, ਇਸ ਵਰ੍ਹੇ ਅੰਦਾਜ਼ਨ 83 ਲੱਖ ਯੂਨਿਟ ਹੀ ਹੋ ਰਿਹਾ ਹੈ। 
ਦੁਸ਼ਮਣ ਕੀੜੇ -ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਸੋਹਲ ਦਾ ਕਹਿਣਾ ਹੈ ਕਿ ਜੇਕਰ ਮੌਸਮ ਵਿਚ ਠੰਢਕ ਰਹੇ ਤਾਂ ਮਨੁੱਖ ਦੇ ਦੁਸ਼ਮਣ ਕੀੜੇ ਸਿਰ ਚੁੱਕ ਲੈਂਦੇ ਹਨ। ਉਨ੍ਹਾਂ ਦੇ ਦਿੱਤੇ ਅੰਡੇ ਨਸ਼ਟ ਨਹੀਂ ਹੁੰਦੇ। ਇਸ ਠੰਢੇ ਮੌਸਮ ਨਾਲ ਮੱਛਰ ਮੱਖੀ ਵੀ ਵਧ ਗਈ ਹੈ ਜੋ ਬਿਮਾਰੀਆਂ ਫੈਲਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਡਾ: ਸੋਹਲ ਨੇ ਕਿਹਾ ਕਿ ਠੰਢੇ ਮੌਸਮ ਕਾਰਨ ਫ਼ਸਲਾਂ 'ਤੇ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਹੈ। ਖ਼ੁਸ਼ਕ ਤੇ ਗਰਮ ਮੌਸਮ ਕਾਰਨ ਨਦੀਨ ਵੀ ਮਰ ਜਾਂਦੇ ਹਨ ਜੋ ਮੌਸਮ ਦੀ ਠੰਢਕ ਦੇਖ ਕੇ ਸਿਰ ਚੁੱਕ ਲੈਂਦੇ ਹਨ।

No comments:

Post a Comment