News, Views and Information about NRIs.

A NRI Sabha of Canada's trusted source of News & Views for NRIs around the World.



November 17, 2013

ਕਾਠਮੰਡੂ ‘ਚ ਗੁਰਦੁਆਰਾ ਨਾਨਕਮੱਠ ਵਿਖੇ ਵੱਡੇ ਪੱਧਰ ‘ਤੇ ਮਨਾਇਆ ਗਿਆ ਗੁਰਪੁਰਬ


ਕਾਠਮੰਡੂ - ਨੇਪਾਲ ਦੀ ਰਾਜਧਾਨੀ ਕਾਠਮੰਡੂ ਸਥਿਤ ਗੁਰਦੁਆਰਾ ਗੁਰੂ ਨਾਨਕਮੱਠ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪਹਿਲੀ ਵਾਰ ਬਹੁਤ ਵੱਡੇ ਪੱਧਰ ‘ਤੇ ਮਨਾਇਆ ਗਿਆ। ਇਸ ਮੌਕੇ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਰੀ ਦੀਵਾਨ ਸਜਾਏ ਗਏ, ਜਿਨ੍ਹਾਂ ‘ਚ ਗੁਰਬਾਣੀ ਕੀਰਤਨ ਦੀ ਅੰਮ੍ਰਿਤ ਵਰਖਾ ਹੋਈ। ਇਨ੍ਹਾਂ ਸਮਾਰੋਹਾਂ ਦੌਰਾਨ ਦੁਬਈ ਦੇ ਪ੍ਰਸਿੱਧ ਉਦਯੋਗਪਤੀ ਐੱਸ. ਪੀ. ਓਬਰਾਏ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।
ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸਥਿਤ ਇਤਿਹਾਸਿਕ ਗੁਰਧਾਮ ਗੁਰਦੁਆਰਾ ਗੁਰੂ ਨਾਨਕ ਮੱਠ (ਵਿਸ਼ਣੂਮਤੀ) ਵਿਖੇ ਮਨਾਏ ਜਾ ਰਹੇ 544 ਵੇਂ ਗੁਰਪੁਰਬ ਦੇ ਮੌਕੇ ‘ਤੇ ਨੇਪਾਲ ਦੀ ਸਾਬਕਾ ਮੰਤਰੀ ਅਤੇ ਪ੍ਰਧਾਨ ਮੰਤਰੀ ਬਾਬੂ ਰਾਮ ਭੱਟਰਾਏ ਦੀ ਧਰਮ ਪਤਨੀ ਸ਼੍ਰੀਮਤੀ ਹਿਸਿਲਾ ਯਾਮਹੀ ਨੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨੇਪਾਲ ਦੀ ਯਾਤਰਾ ਕਰਕੇ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਇਸ ਦੇਸ਼ ਦੀ ਸੰਗਤ ‘ਤੇ ਵਿਸ਼ੇਸ਼ ਪਰਉਪਕਾਰ ਕੀਤਾ ਅਤੇ ਉਨ੍ਹਾਂ ਨੂੰ ਸੱਚ ਦਾ ਰਸਤਾ ਦਿਖਾਇਆ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ‘ਚ ਸਥਿਤ ਇਸ ਗੁਰਧਾਮ ਨੂੰ ਸਭ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੀ ਸੁੰਦਰ ਉਸਾਰੀ ਕੀਤੀ ਜਾਵੇਗੀ ਅਤੇ ਵਿਸ਼ਾਲ ਨਿਰਮਾਣ ਕਾਰਜ ਕੀਤਾ ਜਾਵੇਗਾ ਤਾਂ ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੋ ਸਕਣ।  ਨੇਪਾਲ ‘ਚ ਭਾਰਤ ਦੇ ਰਾਜਦੂਤ ਸ਼੍ਰੀ ਰਣਜੀਤ ਰਾਏ ਨੇ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਮੱਠ ਬਹੁਤ ਇਤਿਹਾਸਕ ਮਹੱਤਵ ਰੱਖਦਾ ਹੈ ਅਤੇ ਇਸ ਸੰਬੰਧ ‘ਚ ਸ. ਐੱਸ. ਪੀ. ਸਿੰਘ ਓਬਰਾਏ ਵਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ, ਉਸ ਦਾ ਇਕ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਾਠਮੰਡੂ ਸਥਿਤ ਗੁਰਧਾਮਾਂ ਦੀ ਉਸਾਰੀ ਨਾਲ ਇੱਥੇ ਸੰਸਾਰ ਭਰ ਦੀ ਸੰਗਤ ਆਕਰਸ਼ਤ ਹੋਵੇਗੀ ਅਤੇ ਇਸ ਨਾਲ ਨੇਪਾਲ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਮਿਲੇਗਾ।
ਪੁਡੂਚੇਰੀ ਦੇ ਸਾਬਕਾ ਗਵਰਨਰ ਸ. ਇਕਬਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਹੀ ਵਿਅਕਤੀ ਨੇਕ ਇਨਸਾਨ ਬਣਦਾ ਹੈ, ਜਿਸ ‘ਤੇ ਆਪਣੀ ਮਾਤਾ ਦਾ ਆਸ਼ੀਰਵਾਦ ਹੋਵੇ ਅਤੇ ਉਹ ਗੁਰੂ ਵਲੋਂ ਦਿਖਾਏ ਰਸਤੇ ‘ਤੇ ਚੱਲੇ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦਾ ਭਲਾ ਮੰਗਣ ਦੀ ਸਿੱਖਿਆ ਦਿੱਤੀ। ਜੰਮੂ-ਕਸ਼ਮੀਰ ਦੇ ਸਾਬਕਾ ਕੈਬਨਿਟ ਮੰਤਰੀ ਸ. ਰਣਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਯਾਤਰਾ ‘ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ 500 ਸਾਲਾਂ ਤੋਂ ਵੀ ਪਹਿਲਾਂ ਨੇਪਾਲ ਦਾ ਸੰਬੰਧ ਸਿੱਖ ਪੰਥ ਨਾਲ ਜੋੜ ਦਿੱਤਾ ਸੀ। ਮੋਹਾਲੀ ਦੇ ਆਈ. ਪੀ. ਐੱਸ. ਅਧਿਕਾਰੀ ਸ. ਹਰਚਰਨ ਸਿੰਘ ਭੁੱਲਰ ਨੇ ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਨੇਪਾਲ ‘ਚ ਰਹਿੰਦੇ ਪੰਜਾਬੀ ਅਤੇ ਸਿੱਖ ਬੱਚਿਆਂ ਨੂੰ ਜਿੱਥੇ ਪੰਜਾਬੀ ਭਾਸ਼ਾ ਦੀ ਪੜ੍ਹਾਈਕਰਾਉਣੀ ਜ਼ਰੂਰੀ ਹੈ, ਉਸ ਦੇ ਨਾਲ ਉਨ੍ਹਾਂ ਨੂੰ ਗਤਕੇ ਦੀ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ।
ਗੁਰਦੁਅਰਾ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਪ੍ਰਧਾਨ ਜਗਜੀਤ ਸਿੰਘ ਗਾਪਾ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਅੱਜ ਸੰਸਾਰ ‘ਚ ਇੰਨੀ ਫੈਲ ਚੁੱਕੀ ਹੈ ਕਿ ਰੋਜ਼ਾਨਾ ਗੁਰਦੁਆਰਿਆਂ ਅਤੇ ਹੋਰ ਸਥਾਨਾਂ ‘ਚ 8 ਕਰੋੜ ਸ਼ਰਧਾਲੂ ਭੋਜਨ ਛਕਦੇ ਹਨ। ‘ਚੜ੍ਹਦੀ ਕਲਾ’ ਦੇ ਸੰਪਾਦਕ ਜਗਜੀਤ ਸਿੰਘ ਦਰਦੀ ਨੇ ਗੁਰੁਦਆਰਾ ਗੁਰੂ ਨਾਨਕ ਮੱਠ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਐੱਸ. ਪੀ. ਸਿੰਘ ਓਬਰਾਏ ਅਤੇ ਸ. ਪ੍ਰੀਤਮ ਸਿੰਘ ਦੇ ਯਤਨਾਂ ਸਦਕਾ 100 ਕਰੋੜ ਤੋਂ ਵੱਧ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਸ ਗੁਰਧਾਮ ਦਾ ਖੂਬਸੂਰਤ ਨਿਰਮਾਣ ਕੀਤਾ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਈਆਂ ਸ਼ਖਸੀਅਤਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮਹਿਲ ਸਿੰਘ ਭੁੱਲਰ, ਐੱਸ. ਪੀ. ਆਹਲੂਵਾਲੀਆ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਪੰਜਾਬ ਤੋਂ ਆਏ ਪ੍ਰਸਿੱਧ ਰਾਗੀ ਜੱਥਿਆ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਨ੍ਹਾਂ ਸਮਾਗਮਾਂ ‘ਚ ਨੇਪਾਲ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਸੰਗਤਾਂ ਸ਼ਾਮਲ ਹੋਈਆਂ ਅਤੇ ਉਨ੍ਹਾਂ ਨੇ ਇਸ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮਾਂ ‘ਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ‘ਚ ਸੰਗਤਾਂ ਇੱਥੇ ਪਹੁੰਚੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

No comments:

Post a Comment