ਖ਼ਾਲਸਾ ਡੇਅ ਪਰੇਡ ਮੌਕੇ ਕੇਸਰੀ ਰੰਗ 'ਚ ਰੰਗਿਆ ਸਰੀ
ਵੈਨਕੂਵਰ/ਸਰੀ, 20 ਅਪ੍ਰੈਲ-ਕੈਨੇਡਾ ਦੀ ਧਰਤੀ 'ਤੇ ਸਿੱਖਾਂ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਅੱਜ 'ਖ਼ਾਲਸਾ ਡੇਅ ਪਰੇਡ' ਦਾ ਵਿਸ਼ਾਲ ਪੱਧਰ 'ਤੇ ਆਯੋਜਨ ਕੀਤਾ ਗਿਆ | ਖ਼ਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਵਿਚ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਪੰਜਾਬ ਤੋਂ ਵੀ ਨਾਮਵਰ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸਰੀ ਰੌਇਲ ਕੈਨੇਡੀਅਨ ਮੌਾਟੇਡ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖ਼ਾਲਸਾ ਡੇਅ ਪਰੇਡ 'ਚ ਦੋ ਲੱਖ ਚਾਲੀ ਹਜ਼ਾਰ ਦੇ ਕਰੀਬ ਲੋਕ ਪੁੱਜੇ ਅਤੇ ਸੈਂਕੜਿਆਂ ਦੀ ਗਿਣਤੀ 'ਚ ਫੂਡ ਸਟਾਲ ਸੰਗਤਾਂ ਨੂੰ ਲੰਗਰ ਛਕਾਉਣ ਵਾਸਤੇ ਲਾਏ ਗਏ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਜਾਏ ਨਗਰ ਕੀਰਤਨ 'ਚ ਕੈਨੇਡੀਅਨ ਫ਼ੌਜ ਵੱਲੋਂ ਦਿੱਤਾ ਗਿਆ ਸਨਮਾਨ ਉਸ ਵੇਲੇ ਇਤਿਹਾਸਕ ਹੋ ਨਿਬੜਿਆ, ਜਦੋਂ ਤੋਪ ਤੇ ਬਖ਼ਤਰਬੰਦ ਫ਼ੌਜੀ ਗੱਡੀਆਂ ਨਾਲ ਕੈਨੇਡੀਅਨ ਜਰਨੈਲਾਂ ਵੱਲੋਂ ਮਾਰਚ ਪਾਸਟ ਕਰਦਿਆਂ ਸਲਾਮੀ ਦਿੱਤੀ ਗਈ | ਕੈਨੇਡਾ ਦੇ ਕੇਂਦਰੀ ਮੰਤਰੀ ਟਿਮ ਉੱਪਲ, ਮੰਤਰੀ ਐਡ ਫਾਸਟ, ਬੀ. ਸੀ. ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ, ਵਿਰੋਧੀ ਧਿਰ ਦੇ ਆਗੂ ਏਡਰੀਅਨ ਡਿਕਸ, ਸ਼ਹਿਰ ਦੀ ਮੇਅਰ ਡਾਇਨਾ ਵਾਟਸ, ਸਾਂਸਦ ਨਰਿੰਦਰ ਕੌਰ ਗਰੇਵਾਲ, ਵਿਰੋਧ ਧਿਰ ਐਮ. ਪੀ. ਜਸਬੀਰ ਸਿੰਘ ਸੰਧੂ, ਜਿੰਨੀ ਸਿਮਜ਼ ਬਹੁਤ ਸਾਰੇ ਸੂਬਾਈ ਮੰਤਰੀ ਅਤੇ ਐਮ. ਐਲ. ਏ., ਅਮਰੀਕ ਸਿੰਘ ਵਿਰਕ, ਹੈਰੀ ਬੈਂਸ, ਰਾਜ ਚੌਹਾਨ ਅਤੇ ਸਾਬਕਾ ਸਾਂਸਦਾਂ ਤੋਂ ਇਲਾਵਾ ਗੁਰਮੰਤ ਸਿੰਘ ਗਰੇਵਾਲ, ਸੁੱਖ ਧਾਲੀਵਾਲ, ਜਗਰੂਪ ਸਿੰਘ ਬਰਾੜ, ਉੱਘੀ ਫ਼ਿਲਮ ਨਿਰਦੇਸ਼ਕਾ ਦੀਪਾ ਮਹਿਤਾ ਵੀ ਕੀਰਤਨ 'ਚ ਸ਼ਾਮਿਲ ਹੋਏ | ਸਰੀ ਦੀਆਂ ਸੜਕਾਂ 'ਤੇ ਕਈ ਕਿਲੋਮੀਟਰ ਤੱਕ ਕੇਸਰੀ ਦਸਤਾਰਾਂ ਤੇ ਦੁਪੱ ਟਿਆਂ ਦੇ ਠਾਠਾਂ ਮਾਰਦੇ ਇਕੱਠ ਨਾਲ ਸ਼ਹਿਰ ਖ਼ਾਲਸਾਈ ਰੰਗ 'ਚ ਰੰਗਿਆ ਪ੍ਰਤੀਤ ਹੋ ਰਿਹਾ ਸੀ | ਗੁਰਦੁਆਰਾ ਦਸਮੇਸ਼ ਨਗਰ ਦੀ ਮੁੱਖ ਸਟੇਜ 'ਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਪੁੱਤਰ ਭਾਈ ਦਮਨਜੀਤ ਸਿੰਘ ਨੂੰ ਕੌਮੀ ਸਨਮਾਨ ਦਿੱਤਾ ਗਿਆ | ਇਸ ਤੋਂ ਇਲਾਵਾ ਭਾਈ ਜਗਾ ਸਿੱਘ ਜੋਗੀ ਕਵੀਸ਼ਰ ਦੇ ਦੋ ਪਰਿਵਾਰਕ ਮੈਂਬਰ ਸਿੱਖ ਸੰਘਰਸ਼ 'ਚ ਸ਼ਹੀਦ ਹੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਖ਼ਾਲਸਾ ਡੇਅ ਪਰੇਡ 'ਚ ਵਧੇਰੇ ਫਲੋਟ ਵੀ 1984 ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਕੀਤੇ ਗਏ | ਸਿੱਖ ਮੋਟਰਸਾਈਕਲ ਕਲੱਬ, ਸਿੱਖ ਅਕੈਡਮੀ, ਖ਼ਾਲਸਾ ਸਕੂਲ ਸਰੀ, ਗੁਰਮਤਿ ਸੈਂਟਰ ਐਬਸਫਰੋਡ, ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ, ਵਿਕਟੋਰੀਆ ਸਕੂਲ ਅਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਬੱ ਚਿਆਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ, ਜਦ ਕਿ ਐਡਵਾਂਸ ਲਰਨਿੰਗ ਸੈਂਟਰ ਦੇ 'ਦਸਤਾਰ ਸਜਾਉਣ' ਵਾਲੇ ਸਟਾਲ ਉੱਪਰ ਸੈਂਕੜੇ ਵਿਅਕਤੀਆਂ ਦੇ ਪੱਗਾਂ ਬੰਨ੍ਹੀਆਂ ਗਈਆਂ | ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸਿੰਘ ਸਾਹਿਬ ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ, ਭਾਈ ਸ਼ਿਵਤੇਗ ਸਿੰਘ ਸਾਬਕਾ ਮੁੱਖ ਗ੍ਰੰਥੀ ਬੰਗਲਾ ਸਾਹਿਬ, ਢਾਡੀ ਗਿ: ਤਰਲੋਚਨ ਸਿੰਘ ਭਮੱਦੀ, ਭਾਈ ਗੁਰਮੁਖ ਸਿੰਘ ਵਲਟੋਹਾ ਅਤੇ ਬਹੁਤ ਸਾਰੇ ਨਾਮਵਰ ਕਵੀਸ਼ਰੀ ਅਤੇ ਕੀਰਤਨੀ ਜਥੇ ਸ਼ਾਮਿਲ ਸਨ | ਗੋਰੇ ਤੋਂ ਸਿੰਘ ਸਜੇ ਭਾਈ ਹਰੀ ਨਾਮ ਸਿੰਘ ਖ਼ਾਲਸਾ ਵੱਲੋਂ ਅੰਗਰੇਜ਼ੀ 'ਚ ਖ਼ਾਲਸਾ ਸਾਜਨਾ ਦਿਹਾੜੇ ਬਾਰੇ ਦਿੱਤੇ ਵਿਚਾਰਾਂ ਤੋਂ ਨੌਜਵਾਨ ਕੈਨੇਡੀਅਨ ਪੀੜ੍ਹੀ ਬੇਹੱਦ ਪ੍ਰਭਾਵਿਤ ਹੋਈ | 21 ਫਲੋਟਾਂ ਨਾਲ ਸਜਾਏ ਸਰੀ ਨਗਰ ਕੀਰਤਨ 'ਚ ਮੌਸਮ ਖ਼ਰਾਬੀ ਦੇ ਬਾਵਜੂਦ ਲਗਾਤਾਰ 7 ਘੰਟੇ ਤੱਕ ਲੱਖਾਂ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਲੁਆਈ | ਲੋਅਰ ਮੈਨਲੈਂਡ ਦੀਆਂ ਸਾਰੀਆਂ ਪੰਥਕ ਸੁਸਾਇਟੀਆਂ ਵੱਲੋਂ ਇਕਮੁੱਟ ਹੋ ਕੇ ਖ਼ਾਲਸਾ ਡੇਅ ਪਰੇਡ ਨੂੰ ਸਫ਼ਲ ਬਣਾਇਆ ਗਿਆ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਸ: ਗਿਆਨ ਸਿੰਘ ਗਿੱਲ ਵੱਲੋਂ ਨਗਰ ਕੀਰਤਨ 'ਚ ਪੁੱਜਣ ਅਤੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ |
No comments:
Post a Comment