News, Views and Information about NRIs.

A NRI Sabha of Canada's trusted source of News & Views for NRIs around the World.



February 16, 2011

ਪੰਜਾਬੀਅਤ ਦਾ ਸੰਕਲਪ ਨਹੀਂ ਨਸ਼ਾਖੋਰੀ ਜਾਂ ਨਸ਼ਾ ਤਸਕਰੀ

ਪੰਜਾਬੀ ਸਮਾਜ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਜਿਥੇ ਕਿਤੇ ਵੀ ਗਏ ਹਨ ਤੇ ਉਹ ਆਪਣੇ ਸੱਭਿਆਚਾਰ ਅਤੇ ਧਰਮ ਨੂੰ ਨਾਲ ਲੈ ਕੇ ਗਏ ਹਨ ਅਤੇ ਦਾਨ-ਪੁੰਨ ਸਮੇਤ ਸਮਾਜਿਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਸਿਰਫ ਇਕ ਸਦੀ ਦੇ ਪ੍ਰਵਾਸ ਦੇ ਛੋਟੇ ਜਿਹੇ ਅਰਸੇ ਅਤੇ ਬਹੁਤ ਹੀ ਛੋਟੀ ਕੌਮ ਦੇ ਹੁੰਦਿਆਂ ਹੋਇਆਂ ਵੀ ਪੰਜਾਬੀਆਂ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰੇ ਹਨ ਅਤੇ ਆਪਣੀ ਵੱਖਰੀ ਪਛਾਣ ਦਾ ਕਾਫੀ ਹੱਦ ਤੱਕ ਸਿੱਕਾ ਵੀ ਜਮਾਇਆ ਹੈ। ਜਿਥੇ ਅਸੀਂ ਚੰਗੇ ਕੰਮਾਂ ਲਈ ਮਸ਼ਹੂਰ ਹਾਂ, ਉਥੇ ਸਾਡੇ ਵਿਚੋਂ ਹੀ ਕੁਝ ਲੋਕ ਆਪਣੇ ਭੈੜ ਵੀ ਆਪਣੇ ਨਾਲ ਹੀ  ਲੈ ਆਏ ਹਨ। ਹੁਣੇ-ਹੁਣੇ ਇਕ ਅਦਾਲਤ ਨੇ ਬੇਕਰਜ਼ਫੀਲਡ ਤੋਂ ਕੋਕੀਨ ਟੋਰਾਂਟੋ ਲਿਜਾਣ ਸਮੇਂ ਫੜੇ ਦੋ ਪੰਜਾਬੀਆਂ ਨੂੰ ਅਦਾਲਤ ਨੇ ਵੱਡੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਨਸ਼ੇ ਦੀ ਵਰਤੋਂ ਅਤੇ ਨਸ਼ੇ ਦੀ ਸਮੱਗ¦ਿਗ ਇਕ ਬਹੁਤ ਹੀ ਵੱਡਾ ਸਮਾਜਿਕ ਭੈੜ ਹੈ।  ਪਿਛਲੇ ਇਕ ਦਹਾਕੇ ਦੌਰਾਨ ਵੈਨਕੂਵਰ ਅਤੇ ਕੈਲੀਫੋਰਨੀਆ ਵਿਚ ਇਸ ਭੈੜ ਨੇ ਸਾਡੇ ਲੋਕਾਂ ਵਿਚ ਕਾਫੀ ਪੈਰ ਜਮਾਏ ਹਨ ਅਤੇ ਕੁਝ ਛੇਤੀ ਪੈਸਾ ਕਮਾਉਣ ਦੇ ਚਾਹਵਾਨ ਨੌਜਵਾਨ ਇਸ ਚੁੰਗਲ ਵਿਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਹਨ। ਇਥੋਂ ਤੱਕ ਕਿ ਵੈਨਕੂਵਰ ਦੇ ਸਭ ਤੋਂ ਵੱਧ ਸੰਘਣੀ ਵਸੋਂ ਵਾਲੇ ਇਲਾਕੇ ਸਰ੍ਹੀ ਵਿਚ ਹੀ ਡਰੱਗ ਮਾਫੀਆ ਕਾਰਨ ਪੈਦਾ ਹੋਈ ਆਪਸੀ ਗੁੱਟਬੰਦੀ ਸਦਕਾ 100 ਦੇ ਕਰੀਬ ਪੰਜਾਬੀ ਆਪਣੀਆਂ ਜਾਨਾਂ ਵੀ ਗਵਾ ਬੈਠੇ ਹਨ। ਇਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਚੀਨੀ ਅਤੇ ਵੀਅਤਨਾਮੀ ਲੋਕ ਹੀ ਡਰੱਗ ਸਮੱਗ¦ਿਗ ਦੇ ਧੰਦੇ ਵਿਚ ਮੁੱਖ ਤੌਰ ’ਤੇ ਕੰਮ ਕਰਦੇ ਆ ਰਹੇ ਹਨ। ਪਰ ਹੁਣ ਇਸ ਧੰਦੇ ਵਿਚ ਸਾਡੇ ਲੋਕਾਂ ਦਾ ਨਾਂ ਵੀ ਚੱਲਣ ਲੱਗ ਪਿਆ ਹੈ। ਸਾਡੀ ਸੱਭਿਆਚਾਰਕ ਵਿਰਾਸਤ ਅਤੇ ਧਾਰਮਿਕ ਰੀਤੀ ਮੁਤਾਬਕ ਇਹ ਬੇਹੱਦ ਮਾੜੀ ਤੇ ਸਮਾਜਿਕ ਪੱਖੋਂ ਖਤਰਨਾਕ ਭੈੜ ਹੈ। ਨਸ਼ਿਆਂ ਦੇ ਪ੍ਰਚੱਲਨ ਨੇ ਇਸ ਸਮੇਂ ਸਾਡੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਪੰਜਾਬ ਅੰਦਰ ਵੱਡੇ ਪੱਧਰ ’ਤੇ ਇਸ ਸਮੇਂ ਨੌਜਵਾਨ ਨਸ਼ਿਆਂ ਦੇ ਚੁੰਗਲ ਵਿਚ ਜਾ ਚੁੱਕੇ ਹਨ। ਉਥੇ ਇਸ ਦਾ ਵੱਡਾ ਕਾਰਨ ਬੇਰੁਜ਼ਗਾਰੀ, ਗਰੀਬੀ ਅਤੇ ਨੌਜਵਾਨਾਂ ਵਿਚ ਭਵਿੱਖ ਪ੍ਰਤੀ ਅਨਿਸ਼ਚਤਤਾ ਕਾਰਨ ਪੈਦਾ ਹੋਈ ਨਿਰਾਸ਼ਤਾ ਨੂੰ ਮੰਨਿਆ ਜਾਂਦਾ ਹੈ। ਪਰ ਵਿਦੇਸ਼ਾਂ ਵਿਚ ਆ ਵਸੇ ਪੰਜਾਬੀਆਂ ਨੂੰ ਅਜਿਹੀਆਂ ਕੋਈ ਮੁਸ਼ਕਲਾਂ ਨਹੀਂ ਹਨ। ਵਿਦੇਸ਼ਾਂ ਵਿਚ ਆ ਵਸੇ ਪੰਜਾਬੀ ਇਸ ਸਮੇਂ ਮੁਕਾਬਲਤਨ ਆਰਥਿਕ ਤੌਰ ’ਤੇ  ਚੰਗੀ ਪੁਜ਼ੀਸ਼ਨ ਵਿਚ ਹਨ। ਬੇਰੁਜ਼ਗਾਰੀ ਦੀ ਕੋਈ ਖਾਸ ਸਮੱਸਿਆ ਨਹੀਂ ਅਤੇ ਨਾ ਹੀ ਭਵਿੱਖ ਦੀ ਅਨਿਸ਼ਚਤਤਾ ਹੀ ਹੈ। ਪਰ ਫਿਰ ਵੀ ਸਾਡੇ ਲੋਕਾਂ ਖਾਸਕਰ ਨੌਜਵਾਨਾਂ ਅੰਦਰ ਨਸ਼ਿਆਂ ਦੀ ਵੱਧ ਰਹੀ ਲੱਤ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਜੇਕਰ ਵਿਦੇਸ਼ਾਂ ਵਿਚ ਆਰਥਿਕ ਅਤੇ ਪਦਾਰਥਕ ਪੱਖੋਂ ਸਾਡੇ ਲੋਕ ਚੰਗੀ ਹਾਲਤ ਵਿਚ ਹਨ, ਉਨ੍ਹਾਂ ਕੋਲ ਰੁਜ਼ਗਾਰ ਵੀ ਹੈ ਅਤੇ ਭਵਿੱਖ ਵਿਚ ਰੋਜ਼ੀ-ਰੋਟੀ ਦੀ ਕੋਈ ਚਿੰਤਾ ਵੀ ਨਹੀਂ ਹੈ ਤਾਂ ਫਿਰ ਵੀ ਜ਼ਿੰਦਗੀ ਤੋਂ ਨਿਰਾਸ਼ਤਾ ਅਤੇ ਅਨਿਸ਼ਚਤਤਾ ਪੈਦਾ ਹੋਣਾ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਇਸ ਦਾ ਵੱਡਾ ਕਾਰਨ ਇਹੀ ਮੰਨਿਆ ਜਾ ਸਕਦਾ ਹੈ ਕਿ ਦੁਨੀਆ ਵਿਚ ਉਸਰ ਰਿਹਾ ਨਵਾਂ ਵਿਕਾਸ ਮਾਡਲ ਸਾਨੂੰ ਪਦਾਰਥਕ ਸਹੂਲਤਾਂ ਹਾਸਲ ਕਰਨ ਤੇ ਇਨ੍ਹਾਂ ਦੀ ਤ੍ਰਿਪਤੀ ਦੀ ਹੋੜ ਵਿਚ ਸੁੱਟ ਰਿਹਾ ਹੈ। ਇਸ ਹੋੜ ਦੀ ਕੋਈ ਸੀਮਾ ਨਹੀਂ। ਜਿੰਨੀਆਂ ਸਹੂਲਤਾਂ ਅਸੀਂ ਹਾਸਲ ਕਰਦੇ ਹਾਂ ਜਾਂ ਇਨ੍ਹਾਂ ਦੀ ਤ੍ਰਿਪਤੀ ਕਰਦੇ ਹਾਂ, ਇਹ ਹੋੜ ਓਨੀ ਹੀ ਵਧਦੀ ਜਾ ਰਹੀ ਹੈ। ਭਾਵ ਮਨੁੱਖ ਨੂੰ ਮਾਨਸਿਕ ਅਤੇ ਸੱਭਿਆਚਾਰਕ ਰੱਜ ਨਹੀਂ ਆ ਰਿਹਾ। ਮੌਜੂਦਾ ਸਰਮਾਏਦਾਰੀ ਪ੍ਰਬੰਧ ਨੇ ਬੰਦੇ ਨੂੰ ਪਦਾਰਥਕ ਸਹੂਲਤਾਂ ਹਾਸਲ ਕਰਨ ਅਤੇ ਇਨ੍ਹਾਂ ਦੀ ਤ੍ਰਿਪਤੀ ਲਈ ਹੋੜ ਵਿਚ ਪੈਣ ਵਾਲੀ ਇਕ ਮਸ਼ੀਨ ਬਣਾ ਦਿੱਤਾ ਹੈ ਤੇ ਅਜਿਹੀ ਮਸ਼ੀਨ ਨੂੰ ਰੱਜ ਕਦੇ ਆ ਨਹੀਂ ਸਕਦਾ। ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਹੈ ਕਿ ‘ਬਿਨ ਸੰਕੋਚ ਨਾ ਕੋਈ ਰਾਜੈ॥’ ਭਾਵ ਸਬਰ ਤੇ ਸੰਜਮ ਬਗੈਰ ਕਦੇ ਰੱਜ ਨਹੀਂ ਆਉਂਦਾ। ਜੇ ਅਸੀਂ ਕਾਦਰ ਦੀ ਕੁਦਰਤ ਦਾ ਆਨੰਦ ਮਾਣਾਂਗੇ ਅਤੇ ਉਸ ਦੀ ਰਜ਼ਾ ਵਿਚ ਰਹਾਂਗੇ ਤਾਂ ਹੀ ਮਾਨਸਿਕ ਸੰਤੁਸ਼ਟੀ ਮਿਲ ਸਕਦੀ ਹੈ। ਹੋੜ ਜਾਂ ਸਹੂਲਤਾਂ ਲਈ ਦੌੜ ਨੇ ਕਦੇ ਵੀ ਮਨੁੱਖ ਨੂੰ ਮਾਨਸਿਕ ਰੱਜ ਨਹੀਂ ਦਿੱਤਾ। ਇਸੇ ਹੋੜ ਵਿਚ ਸੰਸਾਰ ਅੰਦਰ ਜੰਗਾਂ ਲੱਗ ਚੁੱਕੀਆਂ ਹਨ, ਐਟਮ ਬੰਬ ਬਣ ਚੁੱਕੇ ਹਨ। ਪਰ ਅੰਤ ਅਜੇ ਵੀ ਨਹੀਂ ਹੋਇਆ। ਇਹੀ ਹਾਲ ਸਾਡੇ ਸਮਾਜ ਦਾ ਹੈ, ਸਾਡੇ ਲੋਕਾਂ ਨੇ ਵਿਦੇਸ਼ਾਂ ਵਿਚ ਆ ਕੇ ਆਪਣਾ ਆਰਥਿਕ ਪੱਧਰ ਮਜ਼ਬੂਤ ਕੀਤਾ ਹੈ, ਸੁੱਖ  ਸਹੂਲਤਾਂ ਹਾਸਲ ਕਰ ਲਈਆਂ ਨੇ ਪਰ ਮਾਨਸਿਕ ਪੱਧਰ ’ਤੇ ਅਸੀਂ ਮਜ਼ਬੂਤ ਨਹੀਂ ਹੋਏ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਅਸੀਂ ਪਦਾਰਥਕ ਸਹੂਲਤਾਂ ਹਾਸਲ ਕਰਨ ਦੀ ਦੌੜ ਵਿਚ ਕੁਦਰਤ ਤੋਂ ਦੂਰ ਚਲੇ ਗਏ ਹਾਂ। ਬਨਾਵਟੀ ਜ਼ਿੰਦਗੀ ਹਾਸਲ ਕਰਨ ਤੇ ਮਾਨਣ ਦੀ ਦੌੜ ਵਿਚ ਪੈ ਗਏ ਹਾਂ। ਪਹਿਲਾਂ ਕਾਰਾਂ ਅਤੇ ਘਰ, ਫਿਰ ਹੋਰ ਵੱਡੀਆਂ ਕਾਰਾਂ ਅਤੇ ਹੋਰ ਵੱਡੇ ਘਰ, ਇਸ ਤਰ੍ਹਾਂ ਇਹ ਬੇਰੋਕ ਦੌੜ ਦੀ ਅੰਨ੍ਹੀ ਹਨੇਰੀ ਵਿਚ  ਅਸੀਂ ਵਹਿ ਚੁੱਕੇ ਹਾਂ। ਪੈਸਾ ਅਤੇ ਸਹੂਲਤਾਂ ਦੀ ਕੋਈ ਸੀਮਾ ਨਹੀਂ। ਕਹਿੰਦੇ ਹਨ ਕਿ ਭੁੱਖ ਤੇ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਜਦ ਹਾਬੜ (ਹੋੜ) ਪੈਦਾ ਹੋ ਜਾਵੇ ਤਾਂ ਇਸ ਨੂੰ ਮਿਟਾਉਣ ਵਾਲਾ ਕੋਈ ਵੀ ਨਹੀਂ ਹੈ। ਵਿਦੇਸ਼ਾਂ ਵਿਚ ਆਈ ਸਾਡੀ ਨਵੀਂ ਪੀੜ੍ਹੀ ਇਸੇ ਦੌੜ ਵਿਚ ਪਈ ਨਜ਼ਰ ਆ ਰਹੀ ਹੈ। ਪਰ ਇਸ ਦੌੜ ਨੇ ਸਾਨੂੰ ਨਾ ਤਾਂ ਨਿੱਜੀ ਪੱਧਰ  ’ਤੇ ਤਣ-ਪੱਤਣ ਲਾਉਣਾ ਹੈ ਅਤੇ ਨਾ ਹੀ ਸਮਾਜਿਕ ਪੱਧਰ ’ਤੇ ਸਾਨੂੰ ਉ¤ਚਾ ਚੁੱਕਣਾ ਹੈ, ਸਗੋਂ ਅਜਿਹੇ ਰੁਝਾਨ ਨਾਲ ਜਿੱਥੇ ਇਕ ਪਾਸੇ ਸਾਡੇ ਘਰਾਂ ਦੇ ਘਰ ਤਬਾਹ ਹੋ ਰਹੇ ਹਨ, ਉਥੇ ਸਮਾਜਿਕ ਪੱਧਰ ’ਤੇ ਵੀ ਹੋਰਨਾਂ ਕੌਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਸਾਹਮਣੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਪਦਾਰਥਕ ਦੌੜ ਦੀ ਬਜਾਏ ਸਾਡੇ ਗੁਰੂਆਂ ਵਲੋਂ ਦਿਤੇ ਉਪਦੇਸ਼ ਦਾ ਲੜ ਫੜੀਏ ਅਤੇ ਪਦਾਰਥਕ ਦੌੜ ਦੀ ਅੰਨ੍ਹੀ ਹਨੇਰੀ ਵਿਚ ਜਾਣ ਦੀ ਬਜਾਏ ਆਤਮਿਕ ਸ਼ਾਂਤੀ ਅਤੇ ਮਾਨਸਿਕ ਚੜ੍ਹਦੀ ਕਲਾ ਨਾਲ ਜਿਊਣ ਦਾ ਸਾਡੇ ਗੁਰੂਆਂ ਵਲੋਂ ਦਿਤਾ ਉਪਦੇਸ਼ ਆਪਣੀ ਜ਼ਿੰਦਗੀ ਦਾ ਮਾਰਗ ਬਣਾਈਏ।

No comments:

Post a Comment