ਟੋਰਾਂਟੋ, 5 ਜੁਲਾਈ (ਅੰਮ੍ਰਿਤਪਾਲ ਸਿੰਘ ਸੈਣੀ)-'ਕੈਨੇਡਾ ਡੇ' ਮੌਕੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਨੇੜਲੇ ਸ਼ਹਿਰ ਬਰੈਂਪਟਨ ਵਿਖੇ ਕਰਵਾਇਆ 'ਪੰਜਾਬੀ ਮੇਲਾ' ਯਾਦਗਾਰੀ ਹੋ ਨਿੱਬੜਿਆ। ਬਰੈਂਪਟਨ ਦੀ ਮਿਉਂਸਪਲ ਦੇ ਸਹਿਯੋਗ ਸਦਕਾ ਹੰਸਰਾ ਗਰੁੱਪ ਵਲੋਂ ਕਰਵਾਏ ਪੰਜਾਬੀ ਵਿਰਸੇ ਤੇ ਮਨੋਰੰਜਨ ਦੇ ਸੁਮੇਲ ਇਸ ਪਲੇਠੇ ਨਿਵੇਕਲੇ 'ਪੰਜਾਬੀ ਮੇਲੇ' ਨੂੰ ਵੱਡੀ ਗਿਣਤੀ 'ਚ ਪੰਜਾਬੀ ਪਰਿਵਾਰਾਂ ਨੇ ਮਾਣਿਆ। ਸਵੇਰੇ ਕਬੱਡੀ ਦੇ ਦੋ ਮੁਕਾਬਲਿਆਂ ਤੋਂ ਬਾਅਦ ਖੁੱਲ੍ਹੇ ਅਖਾੜੇ 'ਚ ਹੈਰੀ ਸੰਧੂ, ਹਰਪ੍ਰੀਤ ਢਿੱਲੋਂ, ਹੈਪੀ ਅਰਮਾਨ, ਕਲੇਰ ਕੰਠ ਤੇ ਵੱਖ-ਵੱਖ ਸਥਾਨਕ ਗਾਇਕਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਹਰਪ੍ਰੀਤ ਸਿੰਘ ਹੰਸਰਾ ਤੇ ਉਸ ਦੀ ਸਮੁੱਚੀ ਟੀਮ ਵਲੋਂ ਸਾਰੇ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਵਿਊਂਤਣ ਸਦਕਾ ਮੇਲੇ 'ਚ ਲੋਕ ਕਲਾਵਾਂ ਦੀਆਂ ਰਵਾਇਤੀ ਵੰਨਗੀਆਂ ਤੋਂ ਇਲਾਵਾ ਵੰਨ-ਸੁਵੰਨੇ ਖਾਣੇ ਤੇ ਔਰਤਾਂ ਦੇ ਰੂਪ ਸੱਜਾ ਦੇ ਸਾਮਾਨ ਆਦਿ ਦੇ ਸਟਾਲ ਪੰਜਾਬ ਦੇ ਮੇਲਿਆਂ ਦਾ ਪ੍ਰੰਪਰਿਕ ਰੂਪ ਪੇਸ਼ ਕਰ ਰਹੇ ਸਨ। ਸਟੇਜ ਸਕੱਤਰ ਦੀ ਸੇਵਾ ਸ. ਗੋਗਾ ਗਹੂੰਣੀਆਂ ਨੇ ਨਿਭਾਈ। ਅੰਤ 'ਚ ਪ੍ਰਬੰਧਕਾਂ ਨੇ ਬਰੈਂਪਟਨ ਦੀ ਮੇਅਰ ਸ਼ੂਜਨ ਫੈਨਲ, ਸਿਟੀ ਕੌਂਸਲਰ ਸ. ਵਿੱਕੀ ਢਿੱਲੋਂ, ਪਰਮਿੰਦਰ ਸਿੰਘ ਢਿੱਲੋਂ, ਅਜੀਤ ਸਿੰਘ ਗਰਚਾ, ਹਰਜਿੰਦਰ ਸਿੰਘ ਸੰਧੂ ਤੇ ਰਾਜਾ ਬਾਈ ਵਲੋਂ ਮੇਲੇ ਦੀ ਸਫਲਤਾ ਲਈ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
No comments:
Post a Comment