ਦੋ ਹਜ਼ਾਰ ਕਰੋੜ ਦੀ ਡਰੱਗ ਕੈਨੇਡਾ ਤੇ ਯੂਰਪ 'ਚ ਸਮਗਲਿੰਗ ਦਾ ਖੁਲਾਸਾ
ਵੈਨਕੂਵਰ, 12 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ 'ਚ ਵਸਦੇ ਪੰਜਾਬੀਆਂ ਵੱਲੋਂ 'ਮਾਂ-ਖੇਡ' 'ਕਬੱਡੀ' ਦੀ ਤਰੱਕੀ ਲਈ ਨਿਭਾਈ ਜਾ ਰਹੀ ਭੂਮਿਕਾ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ, ਜਦੋਂ ਕਬੱਡੀ ਦੇ ਨਾਂਅ 'ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਪੱਧਰ 'ਤੇ ਹੋ ਰਹੀ ਤਸਕਰੀ ਨੇ ਲੋਕਾਂ ਅੰਦਰ ਸਨਸਨੀ ਫੈਲਾਅ ਦਿੱਤੀ। ਪੰਜਾਬੀ ਦੀ ਧਰਤੀ ਤੋਂ ਕੈਨੇਡਾ ਅਤੇ ਯੂਰਪ 'ਚ ਕਬੱਡੀ ਖੇਡ ਦੇ ਪ੍ਰਮੋਟਰਾਂ, ਖਿਡਾਰੀਆਂ ਅਤੇ ਹੋਰਨਾਂ ਸਹਾਇਕਾਂ ਵੱਲੋਂ 2 ਹਜ਼ਾਰ ਕਰੋੜ ਦੀ ਡਰੱਗ ਸਮਗਲਿੰਗ ਨੇ ਖੇਡ ਪ੍ਰਸੰਸਕਾਂ ਨੂੰ ਡੂੰਘੀ ਸੱਟ ਮਾਰੀ ਹੈ। ਵੈਨਕੂਵਰ ਇਲਾਕੇ ਦੇ ਮੋਢੀ ਕਬੱਡੀ ਖਿਡਾਰੀਆਂ ਤੇ ਸਹਿਯੋਗੀਆਂ ਨੇ ਸਾਂਝੇ ਬਿਆਨ 'ਚ ਕਿਹਾ ਹੈ ਕਿ ਬੀਤੇ ਦਿਨ ਪੰਜਾਬ ਤੋਂ ਵਿਦੇਸ਼ਾਂ ਨੂੰ ਕਬੱਡੀ ਦੇ ਨਾਂਅ ਥੱਲੇ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੇ ਉਨ੍ਹਾਂ ਦੀ ਦਹਾਕਿਆਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਠ ਕਬੱਡੀ ਕਲੱਬਾਂ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਪ੍ਰਵਾਸੀ ਭਾਰਤੀ ਸ਼ੱਕ ਦੇ ਘੇਰੇ 'ਚ ਹਨ, ਜਿਨ੍ਹਾਂ ਖਿਲਾਫ਼ ਤੁਰੰਤ ਕਾਰਵਾਈ ਲਈ ਕੌਮਾਂਤਰੀ ਪੱਧਰ 'ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਨਸ਼ਿਆਂ ਦੀ ਤਸਕਰੀ 'ਚ ਗ੍ਰਿਫ਼ਤਾਰ ਹਰਜਿੰਦਰ ਤੇ ਉਸ ਦੀ ਭੈਣ ਹਰਿੰਦਰ ਰਾਣੀ ਵੱਲੋਂ ਹੋਏ ਇੰਕਸਾਫ਼ 'ਚ ਕੈਨੇਡਾ 'ਚ ਵਸਦੇ ਕਬੱਡੀ ਪ੍ਰਮੋਟਰਾਂ ਸਬੰਧੀ ਪੁਲਿਸ ਨੂੰ ਅਹਿਮ ਦਸਤਾਵੇਜ਼ ਮਿਲੇ ਹਨ, ਜਿਹੜੇ ਇਥੋਂ ਦੇ ਨਾਮਵਰ ਤੇ ਕਹਿੰਦੇ-ਕਹਾਉਂਦੇ 'ਭੱਦਰ ਪੁਰਸ਼' ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸੰਬੰਧਿਤ ਵਿਅਕਤੀਆਂ 'ਚੋਂ ਦੋ ਸਰੀ ਸ਼ਹਿਰ ਨਾਲ ਸੰਬੰਧਿਤ ਹਨ, ਜਦ ਕਿ ਇਕ-ਇਕ ਰਿਚਮੰਡ ਅਤੇ ਐਬਟਸਫੋਰਡ ਤੋਂ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਤੋਂ ਪੰਜਾਬ ਜਾ ਕੇ ਕਬੱਡੀ ਟੂਰਨਾਮੈਂਟ ਕਰਵਾਉਣ ਵਾਲਿਆਂ ਅੰਦਰ ਵੀ ਭਾਰੀ ਚਿੰਤਾ ਪਾਈ ਜਾ ਰਹੀ ਹੈ, ਜਿਸ ਦਾ ਕਾਰਨ ਕੁਝ ਸਮਗਲਰਾਂ ਵੱਲੋਂ ਕਬੱਡੀ ਦੇ ਨਾਂਅ ਹੇਠ, ਖੇਡ ਮੇਲਿਆਂ ਦੀ ਆੜ 'ਚ ਨਸ਼ਿਆਂ ਦੇ ਵਪਾਰ ਕੀਤੇ ਜਾਣ ਦੇ ਪਰਦਾਫਾਸ਼ ਹੋਣ ਦੇ ਪ੍ਰਗਟਾਵੇ ਮੰਨੇ ਜਾ ਰਹੇ ਹਨ। ਇਸ ਸਬੰਧ 'ਚ ਕੈਨੇਡਾ ਦੇ ਕਬੱਡੀ ਪ੍ਰਸੰਸਕਾਂ ਨੇ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਮਾਂ-ਖੇਡ ਕਬੱਡੀ ਦੇ ਪਰਦੇ ਹੇਠ ਜਵਾਨੀਆਂ ਦਾ ਘਾਣ ਕਰਨ ਵਾਲੇ ਨਸ਼ਿਆਂ ਦੇ ਵਪਾਰੀਆਂ ਦੇ ਨਾਂਅ ਜੱਗ ਜ਼ਾਹਿਰ ਕੀਤੇ ਜਾਣ ਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
No comments:
Post a Comment