ਵੈਨਕੂਵਰ ਦੇ ਅਤੀਫ ਰਫ਼ੀ ਤੇ ਸਹਿ-ਦੋਸ਼ੀ ਦੀ ਅਪੀਲ 'ਤੇ ਸੁਣਵਾਈ ਅੱਜ ਸ਼ੁਰੂ
ਵੈਨਕੂਵਰ, 8 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ)-ਬੀਮੇ ਦੀ ਭਾਰੀ ਰਕਮ ਦੇ ਅੰਨ੍ਹੇ ਲਾਲਚ 'ਚ ਆਪਣੇ ਮਾਪਿਆਂ ਅਤੇ ਭੈਣ ਦੀ ਬੇਰਹਿਮੀ ਨਾਲ ਹੱਤਿਆ ਕਰਨ ਲਈ ਦੋਸ਼ੀ, ਅਤੀਫ ਰਫ਼ੀ ਤੇ ਉਸ ਦੇ ਸਾਥੀ ਬਰਨਾਜ਼ ਦੀ ਅਪੀਲ 'ਤੇ ਸੁਣਵਾਈ ਅੱਜ ਤੋਂ ਸਿਆਟਲ 'ਚ ਸ਼ੁਰੂ ਹੋਵੇਗੀ। ਪੱਛਮੀ ਵੈਨਕੂਵਰ ਦੇ ਰਹਿਣ ਵਾਲੇ ਦੋਸ਼ੀਆਂ ਵੱਲੋਂ ਇਕਬਾਲੀਆ ਬਿਆਨ ਦੇ ਆਧਾਰ 'ਤੇ, ਤੀਹਰੇ ਕਤਲ 'ਚ ਹੋਈ ਉਮਰ ਕੈਦ ਦੀ ਸਜ਼ਾ ਖਿਲਾਫ਼ ਅਦਾਲਤ 'ਚ ਅਰਜ਼ੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਡਰਾ-ਧਮਕਾ ਤੇ ਮੌਤ ਦੀ ਸਜ਼ਾ ਦੀਆਂ ਧਮਕੀਆਂ ਦੇ ਕੇ ਦੋਸ਼ ਸਵੀਕਾਰ ਕਰਵਾਏ ਗਏ ਸਨ। 13 ਜੁਲਾਈ 1994 'ਚ ਹੋਏ ਸਮੂਹਿਕ ਕਤਲ ਦੀ ਵਾਰਦਾਤ ਵਾਸ਼ਿੰਗਟਨ 'ਚ ਵਾਪਰੀ ਸੀ, ਜਿਥੇ ਕੈਨੇਡਾ ਤੋਂ ਕੁਝ ਸਮਾਂ ਪਹਿਲਾਂ ਮਰਹੂਮ ਸੁਲਤਾਨਾ ਰਫ਼ੀ, ਉਸ ਦਾ ਪਤੀ ਤਾਰਿਕ ਰਫ਼ੀ ਤੇ ਧੀ ਬਾਸ਼ਮਾ ਬੈਲੇਵਿਯੂ ਆ ਵਸੇ ਸਨ, ਜਦਕਿ ਵੈਨਕੂਵਰ 'ਚ ਪੜ੍ਹ ਰਹੇ ਉਨ੍ਹਾਂ ਦੇ 18 ਸਾਲਾ ਪੁੱਤਰ ਅਤੀਫ ਰਫ਼ੀ ਤੇ ਉਸਦਾ 18 ਸਾਲਾ ਮਿੱਤਰ ਸਿਬਾਸਟੇਨ ਬਰਨਜ਼, ਰਫ਼ੀ ਪਰਿਵਾਰ ਨੂੰ ਮਿਲਣ ਵਾਸਤੇ ਅਮਰੀਕਾ ਆਏ ਸਨ। ਤੜਕਸਾਰ ਦੋ ਵਜੇ ਤਿੰਨ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਉਸ ਵੇਲੇ ਘਰ 'ਚੋਂ ਬਰਾਮਦ ਹੋਈਆਂ, ਜਦੋਂ ਪੁਲਿਸ ਅਤੀਫ ਰਫ਼ੀ ਤੇ ਉਸ ਦੇ ਮਿੱਤਰ ਦੇ ਫੋਨ ਕਰਨ 'ਤੇ ਘਰ ਪੁੱਜੀ। ਹਾਲਾਤ ਉਸ ਵੇਲੇ ਸ਼ੱਕੀ ਬਣ ਗਏ, ਜਦੋਂ ਆਪਣੇ ਅੱਬਾ, ਅੰਮੀ ਤੇ ਭੈਣ ਨੂੰ ੋਸਪੁਰਦੇ-ਖਾਕ ਕਰਨ ਤੋਂ ਪਹਿਲਾਂ ਹੀ ਰਫ਼ੀ ਤੇ ਬਰਨਜ਼ ਕੈਨੇਡਾ ਪਰਤ ਆਏ। ਇਸ ਦੌਰਾਨ ਅਪ੍ਰੈਲ 1995 'ਚ 'ਅੰਡਰ ਕਵਰਡ' ਰਾਇਲ ਕੈਨੇਡੀਅਨ ਮੌਂਟੇਂਡ ਪੁਲਿਸ ਅਫਸਰ ਨੇ, ਨਾਰਥ ਵੈਨਕੂਵਰ 'ਚ ਦੋਵਾਂ ਮੁੰਡਿਆਂ ਨਾਲ ਨਾਟਕੀ ਢੰਗ ਨਾਲ ਦੋਸ਼ ਸਵੀਕਾਰਨ ਦਾ ਦਾਅਵਾ ਕੀਤਾ। ਵੈਨਕੂਵਰ ਦੇ ਮੁੰਡਿਆਂ ਵੱਲੋਂ ਅਮਰੀਕਾ ਜਾ ਕੇ ਕਤਲ ਕੀਤੇ ਜਾਣ ਦੀ ਸੂਰਤ 'ਚ ਹਵਾਲਗੀ ਨੂੰ ਲੈ ਕੇ 2 ਫਰਵਰੀ 1996 ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸਬੂਤਾਂ ਨੂੰ ਕਾਫ਼ੀ ਕਰਾਰ ਦਿੱਤਾ, ਪਰ ਬਚਾਓ ਪੱਖ ਦੇ ਵਕੀਲਾਂ ਨੇ ਰੀਵਿਊ ਦੀ ਮੰਗ ਕੀਤੀ। ਜੁਲਾਈ 1996 'ਚ ਕੈਨੇਡਾ ਦੇ ਕਾਨੂੰਨੀ ਮੰਤਰੀ ਐਲਨ ਰੌਕ ਨੇ ਦੋਵੇਂ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਹਵਾਲੇ ਕਰਨ ਦੇ ਹੁਕਮ ਦਿੱਤੇ, ਪਰ ਇਸ ਸਾਲ ਮਗਰੋਂ ਤਿੰਨ ਜੱਜਾਂ ਦੇ ਪੈਨਲ ਨੇ ਉਕਤ ਹੁਕਮ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦਿੰਦਿਆਂ ਕਿਹਾ ਕਿ ਕੈਨੇਡੀਅਨ ਨਾਗਰਿਕ ਦੇ ਮੁਕੱਦਮੇ ਦੀ ਸੁਣਵਾਈ, ਉਸ ਦੇਸ਼ 'ਚ ਠੀਕ ਨਹੀਂ, ਜਿਥੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ। 1999 'ਚ ਮੁੜ ਸੁਣਵਾਈ ਮੌਕੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਨਾ ਸੁਣਾਏ ਜਾਣ ਦੀ ਗਾਰੰਟੀ ਮੰਗੀ, ਜੋ ਕਿ ਅਮਰੀਕਾ ਦੀ ਕਿੰਗ ਕਾਉਂਟੀ ਦੀ ਸਰਕਾਰੀ ਧਿਰ ਵੱਲੋਂ ਬਾਕਾਇਦਾ ਦਿੱਤੀ ਗਈ। 29 ਮਾਰਚ 2001 'ਚ ਦੋਵਾਂ ਕੈਨੇਡੀਅਨ ਮੁੰਡਿਆਂ ਨੂੰ ਵਾਸ਼ਿੰਗਟਨ ਸਟੇਟ ਹਵਾਲੇ ਕਰ ਦਿੱਤਾ ਗਿਆ। ਲੰਮੀ ਕਾਨੂੰਨੀ ਪ੍ਰਕਿਰਿਆ ਮਗਰੋਂ ਮਈ 2004 ਨੂੰ ਰਫ਼ੀ ਤੇ ਬਰਨਜ਼ ਨੂੰ, ਤੀਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀ ਬਰਨਜ਼ ਦੀ ਭੈਣ ਤੇ ਕੈਨੀਡੀਅਨ ਟੈਲੀਵਿਜ਼ਨ ਦੀ ਮਸ਼ਹੂਰ ਐਂਕਰ ਟਿਫਨੀ ਬਰਨਜ਼ ਆਪਣੇ ਭਰਾ ਤੇ ਉਸ ਦੇ ਦੋਸਤ ਅਤੀਫ ਰਫ਼ੀ ਦੀ ਬੇਗੁਨਾਹੀ ਲਈ ਪਿਛਲੇ 17 ਸਾਲ ਤੋਂ ਸੰਘਰਸ਼ ਕਰਦੀ ਆ ਰਹੀ ਹੈ ਤੇ ਕੇਸ ਦੀ ਮੁੜ ਸੁਣਵਾਈ ਅੱਜ ਤੋਂ ਸ਼ੁਰੂ ਹੋ ਕੇ ਕਈ ਦਿਨਾਂ ਤੱਕ ਚੱਲਣ ਦੀ ਉਮੀਦ ਹੈ।
No comments:
Post a Comment