ਵੈਨਕੂਵਰ, 1 ਸਤੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਵੱਲੋਂ ਸਿੱਖਾਂ ਲਈ ਆਨੰਦ ਵਿਆਹ ਕਾਨੂੰਨ ਨਾ ਬਣਾਏ ਜਾਣ 'ਤੇ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਦੇ ਪ੍ਰਧਾਨ ਸ: ਜੀਤ ਸਿੰਘ ਸਿੱਧੂ ਨੇ ਇਸ ਸਬੰਧੀ ਜਾਰੀ ਬਿਆਨ 'ਚ ਕਿਹਾ ਕਿ ਜੇਕਰ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਲਈ, ਉਥੋਂ ਦੀਆਂ ਸਰਕਾਰਾਂ ਵੱਖਰਾ ਵਿਆਹ ਕਾਨੂੰਨ ਬਣਾ ਕੇ ਧਾਰਮਿਕ ਮਾਨਤਾ ਦਿੰਦੀਆਂ ਹਨ, ਤਾਂ ਅਜਿਹਾ ਆਪਣੇ ਦੇਸ਼ ਅੰਦਰ ਨਾ ਕੀਤਾ ਜਾਣਾ ਘੋਰ ਬੇਇਨਸਾਫ਼ੀ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਮੁੱਖ ਸੇਵਾਦਾਰ ਭਾਈ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਆਨੰਦ ਕਾਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਿੰਦੂ ਕੋਰਟ ਮੈਰਿਜ ਐਕਟ ਅਧੀਨ ਦਰਜ ਕਰਵਾਉਣਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਸ: ਗਿਆਨ ਸਿੰਘ ਗਿੱਲ ਨੇ ਮੰਗ ਕੀਤੀ ਕਿ 1909 ਵਿਚ ਰਾਜਾ ਰਿਪੁਦਮਨ ਸਿੰਘ ਨਾਭਾ ਵੱਲੋਂ ਤਿਆਰ ਕੀਤੇ ਗਏ ਆਨੰਦ ਮੈਰਿਜ ਐਕਟ ਨੂੰ ਭਾਰਤ 'ਚ ਤੁਰੰਤ ਲਾਗੂ ਕੀਤਾ ਜਾਵੇ। ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਦੇ ਜਨਰਲ ਸਕੱਤਰ ਸ: ਬਲਬੀਰ ਸਿੰਘ ਸੱਗੂ ਨੇ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਂਝਾ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜਣ ਤੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਨੂੰ ਰੋਕਣ ਲਈ ਇਕਮੁੱਠ ਹੋਣ।
No comments:
Post a Comment