ਸਿੱਖਸ ਫਾਰ ਜਸਟਿਸ ਵੱਲੋਂ ਦਖ਼ਲ ਲਈ ਸੰਯੁਕਤ ਰਾਸ਼ਟਰ ਨੂੰ ਮੰਗ ਪੱਤਰ
'ਸਿੱਖ ਹੋਣ 'ਤੇ ਮਾਣ ਹੈ' ਲਹਿਰ ਦੀ ਸ਼ੁਰੂਆਤ
ਕੈਲੇਫੋਰਨੀਆ, 2 ਸਤੰਬਰ (ਹੁਸਨ ਲੜੋਆ ਬੰਗਾ)-ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ 'ਤੇ ਸਿੱਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਕੇ ਇਸ ਦੇ ਧਾਰਮਿਕ ਆਜ਼ਾਦੀ ਬਾਰੇ ਵਿਸ਼ੇਸ਼ ਪ੍ਰਤੀਨਿਧ ਹੀਨਰ ਬੈਲੀਫੈਲਟ ਨੂੰ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਵਿਚ ਫੌਰੀ ਦਖ਼ਲ ਦੇਵੇ ਤੇ ਸਿੱਖ ਧਰਮ ਦੇ ਆਜ਼ਾਦ ਰੁਤਬੇ ਦੀ ਬਹਾਲੀ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ 'ਤੇ ਦਬਾਅ ਪਾਵੇ। ਇਥੇ ਦੱਸਣਯੋਗ ਹੈ ਕਿ ਹਾਲ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਨੇ ਸਿੱਖਾਂ ਦੇ ਵਿਆਹਾਂ ਦੀ ਰਜਿਸਟਰੇਸ਼ਨ ਲਈ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਦ ਕਿ ਭਾਰਤ ਵਿਚ ਹੀ ਰਹਿੰਦੇ ਮੁਸਲਮਾਨ, ਪਾਰਸੀ, ਇਸਾਈ ਤੇ ਯਹੂਦੀਆਂ ਕੋਲ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਲਈ ਵੱਖਰੇ ਕਾਨੂੰਨ ਪਹਿਲਾਂ ਹੀ ਹਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਸਿੱਖਾਂ ਦੇ ਵਿਆਹਾਂ ਦੀ ਵੱਖਰੀ ਰਜਿਸਟਰੇਸ਼ਨ ਲਈ ਕਾਨੂੰਨ ਪਾਸ ਕਰਨ ਤੋਂ ਇਨਕਾਰ ਕਰਨਾ ਸਿੱਖਾਂ ਦੇ ਨਾਲ ਧਰਮ ਦੇ ਨਾਂਅ 'ਤੇ ਇਕ ਹੋਰ ਵਿਤਕਰੇ ਦੀ ਮਿਸਾਲ ਹੈ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਜਦੋਂ ਤੋਂ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਐਲਾਨ ਹੋਇਆ ਹੈ ਸਿੱਖ ਉਦੋਂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਆਪਣੇ ਧਰਮ ਦੇ ਵੱਖਰੇ ਰੁਤਬੇ ਦੀ ਬਹਾਲੀ ਦੀ ਮੰਗ ਕਰ ਰਹੇ ਹਨ। ਸੰਯੁਕਤ ਰਾਸ਼ਟਰ ਨੂੰ ਸੌਂਪੇ ਗਏ ਮੰਗ ਪੱਤਰ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਯੂਨੀਵਰਸਲ ਡੈਕਲਾਰੇਸ਼ਨ ਆਫ਼ ਹਿਊਮਨ ਰਾਈਟਸ, ਧਰਮ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੀ ਅਸਹਿਣਸ਼ੀਲਤਾ ਤੇ ਵਿਤਕਰੇ ਨੂੰ ਖ਼ਤਮ ਕਰਨ ਬਾਰੇ ਯੂ. ਐਨ. ਡੈਕਲਾਰੇਸ਼ਨ ਅਤੇ ਨਾਗਰਿਕ ਤੇ ਸਿਆਸੀ ਹੱਕਾਂ ਬਾਰੇ ਕੌਮਾਂਤਰੀ ਕੋਵਨੈਂਟ ਦੀ ਉਲੰਘਣਾ ਕਰਦੀ ਹੈ, ਜਦ ਕਿ ਇਹ ਡੈਕਲਾਰੇਸ਼ਨ ਸਾਰੇ ਲੋਕਾਂ ਦੇ ਵੱਖਰੀ ਧਾਰਮਿਕ ਪਛਾਣ ਬਾਰੇ ਹੱਕਾਂ ਦੀ ਰਾਖੀ ਕਰਦੇ ਹਨ ਤੇ ਇਸ ਨੂੰ ਪ੍ਰੋਤਸ਼ਾਹਿਤ ਕਰਦੇ ਹਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਗਏ ਇਸ ਵਿਤਕਰੇ ਬਾਰੇ ੇਸਿੱਖ ਜਗਤ ਵਿਚ ਜਾਗਰੂਕਤਾ ਫੈਲਾਉਣ, ਸਮਰਥਨ ਜੁਟਾਉਣ ਤੇ ਵਧ ਤੋਂ ਵੱਧ ਦਸਤਖਤ ਇਕੱਠੇ ਕਰਨ ਲਈ ਸਿੱਖਸ ਫ਼ਾਰ ਜਸਟਿਸ ਨੇ ਕੌਮਾਂਤਰੀ ਪੱਧਰ 'ਤੇ 'ਸਿੱਖ ਹੋਣ 'ਤੇ ਮਾਣ ਹੈ' ਲਹਿਰ ਸ਼ੁਰੂ ਕੀਤੀ ਹੈ। ਸਿੱਖਸ ਫਾਰ ਜਸਟਿਸ ਦੇ ਯੂਥ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਅਨੁਸਾਰ 'ਸਿੱਖ ਹੋਣ 'ਤੇ ਮਾਣ ਹੈ' ਲਹਿਰ ਤਹਿਤ ਸਿੱਖਸ ਫਾਰ ਜਸਟਿਸ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਵਿਚ ਹੋਣ ਜਾ ਰਹੇ ਆਮ ਇਜਲਾਸ ਦੌਰਾਨ ਸੰਯੁਕਤ ਰਾਸ਼ਟਰ ਦੇ ਹਰ ਇਕ ਮੈਂਬਰ ਦੇਸ਼ ਤੱਕ ਪਹੁੰਚ ਕਰੇਗੀ ਤੇ ਧਰਮ ਦੇ ਨਾਂਅ 'ਤੇ ਭਾਰਤ ਵਿਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਦੇ ਮੁੱਦੇ ਨੂੰ ਉਭਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 'ਸਿੱਖ ਹੋਣ 'ਤੇ ਮਾਣ ਹੈ' ਲਹਿਰ ਤਹਿਤ ਦਸ ਲੱਖ ਦਸਤਖਤ ਇਕੱਠੇ ਕਰਨ ਲਈ ਸਮੁੱਚੇ ਵਿਸ਼ਵ ਵਿਚ ਕਾਨਫ਼ਰੰਸਾਂ ਤੇ ਕਨਵੈਨਸ਼ਨ ਕਰਵਾਏ ਜਾਣਗੇ।'ਸਿੱਖ ਹੋਣ 'ਤੇ ਮਾਣ ਹੈ' ਲਹਿਰ ਦੀ ਸ਼ੁਰੂਆਤ
No comments:
Post a Comment