ਗੁਰਦੁਆਰਾ ਸਿੰਘ ਸਭਾ ਬੋਬਿਨੀ ਤੋਂ ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਸਾਧ ਸੰਗਤ।
ਪੈਰਿਸ, 3 ਮਈ - ਫਰਾਂਸ ਦੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਸਾਂਝੇ ਤੌਰ 'ਤੇ 29 ਤਰੀਕ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੋਬਿਨੀ ਤੋਂ ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਬੋਬਿਨੀ ਤੋਂ ਆਰੰਭ ਹੋ ਕੇ ਬੋਬਿਨੀ ਦੇ ਆਸ-ਪਾਸ ਦੇ ਇਲਾਕਿਆਂ ਵਿਚ ਦੀ ਲੰਘਦਾ ਹੋਇਆ, ਗੁਰਦੁਆਰਾ ਸਾਹਿਬ ਆ ਕੇ ਹੀ ਸਮਾਪਤ ਹੋਇਆ। ਆਰੰਭਤਾ ਮੌਕੇ ਬੋਬਿਨੀ ਦੇ ਜੌਹਨ ਮੇਅਰ ਮਿਸ ਅਬਦੁੱਲ ਸਾਅਦੀ ਅਤੇ ਡਰੰਸੀ ਦੇ ਮੇਅਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਵੀ ਸੰਗਤ ਨਾਲ ਸਾਂਝੇ ਕੀਤੇ। ਨਗਰ ਕੀਰਤਨ ਵਿਚ ਸੰਗਤ ਦਾ ਭਾਰੀ ਇਕੱਠ ਅਤੇ ਜਲੌਅ ਵੇਖਿਆ ਹੀ ਬਣਦਾ ਸੀ। ਸਭ ਤੋਂ ਅੱਗੇ ਬੀਬੀਆਂ ਝਾੜੂ ਦੀ ਸੇਵਾ ਕਰ ਰਹੀਆਂ ਸਨ ਤੇ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੀ ਸਵਾਰੀ ਦੇ ਅੱਗੇ ਸੰਗਤਾਂ ਫੁੱਲ ਵਿਛਾਉਂਦੀਆਂ ਜਾ ਰਹੀਆਂ ਸਨ। ਛੋਟੇ ਬੱਚਿਆਂ, ਨੌਜਵਾਨਾਂ ਵੱਲੋਂ ਲਗਾਤਾਰ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਹੋ ਰਿਹਾ ਸੀ ਅਤੇ ਸਿੰਘਾਂ ਵੱਲੋਂ ਢਾਡੀ ਵਾਰਾਂ ਖ਼ਾਲਸੇ ਦੇ ਜਨਮ ਦਿਹਾੜੇ ਦੇ ਪ੍ਰਥਾਏ ਅਨੇਕਾਂ ਪ੍ਰਸੰਗ ਨਾਲ-ਨਾਲ ਸੁਣਾਏ ਜਾ ਰਹੇ ਸਨ। ਇਸ ਮੌਕੇ 'ਮੀਰੀ-ਪੀਰੀ ਗਤਕਾ' ਪਾਰਟੀ ਨੇ ਵੀ ਆਪਣੇ ਗੱਤਕੇ ਦੇ ਕਰਤੱਬ ਦਿਖਾ ਕੇ ਸੰਗਤ ਨੂੰ ਨਿਹਾਲ ਕੀਤਾ।
No comments:
Post a Comment