ਟੋਰਾਂਟੋ, 6 ਜੁਲਾਈ - ਯੂਰਪ ਦੇ ਡੇਢ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੀ ਤਰਜ਼ 'ਤੇ ਕੈਨੇਡਾ ਵਿਚ ਟਿਕਟ ਦੇ ਸਾਰੇ ਮੌਕੇ ਗੁਆ ਚੁੱਕੇ ਸ਼ਰਨਾਰਥੀਆਂ ਨੂੰ ਮਰਜ਼ੀ ਨਾਲ ਆਪਣੇ ਮੁਲਕ ਪਰਤਣ ਲਈ ਕੈਨੇਡੀਅਨ ਇੰਮੀਗਰੇਸਸ਼ਨ ਵਿਭਾਗ ਵੀ ਉਤਸ਼ਾਹਿਤ ਕਰਨ ਲੱਗਾ ਹੈ। ਜੂਨ 2012 ਤੋਂ ਲਾਗੂ ਕੀਤੇ ਗਏ ਬੈਲੇਂਸਡ ਰਫਿਊਜੀ ਐਕਟ ਤਹਿਤ ਸਵੈ-ਇੱਛਾ ਨਾਲ ਵਾਪਸ ਜਾਣ ਵਾਲੇ ਹਰੇਕ ਸ਼ਰਨਾਰਥੀ ਨੂੰ 2000 ਡਾਲਰ (ਲਗਭਗ ਇਕ ਲੱਖ ਰੁਪਏ) ਕੈਸ਼ ਅਤੇ ਜਹਾਜ਼ ਦੀ (ਵੰਨਵੇਅ) ਟਿਕਟ ਮੁਫਤ ਦਿੱਤੀ ਜਾ ਰਹੀ ਹੈ। ਇਸ ਪ੍ਰਕਿਰਿਆ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ.) ਅਤੇ ਇੰਟਰਨੈਸ਼ਨਲ ਨਾਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ ਓ ਐਮ) ਵੱਲੋਂ ਮਿਲ ਕੇ ਚਲਾਇਆ ਜਾ ਰਿਹਾ ਹੈ। ਸ਼ਰਨਰਥੀ ਨੂੰ ਆਪਣੇ ਮੁਲਕ ਵਾਪਸ ਭੇਜਣ ਦੀ ਕਾਰਵਾਈ ਸੀ. ਬੀ. ਐਸ. ਏ. ਵੱਲੋਂ ਕੀਤੀ ਜਾਂਦੀ ਹੈ ਅਤੇ ਦੇਸ਼ ਪਹੁੰਚ ਜਾਣ 'ਤੇ ਆਈ. ਓ. ਐਮ. ਤੋਂ 2000 ਡਾਲਰ ਲਏ ਜਾ ਸਕਦੇ ਹਨ ਪਰ ਜੇਕਰ ਸ਼ਰਨ ਦਾ ਕੇਸ ਫੇਲ੍ਹ ਹੋਣ ਤੋਂ ਬਾਅਦ ਕੈਨੇਡਾ ਵਿਚ ਲੁਕਛਿਪ ਕੇ ਰਹਿਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਇਹ ਰਕਮ ਘੱਟ ਵੀ ਹੋ ਸਕਦੀ ਹੈ। ਯਾਦ ਰਹੇ ਕਿ ਕੈਨੇਡਾ ਸਰਕਾਰ ਦੀ ਇਹ ਆਫਰ ਸਿਰਫ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਕੈਨੇਡਾ ਵਿਚ ਠਾਹਰ ਦੌਰਾਨ ਕੋਈ 'ਉਪੱਦਰ' ਭਾਵ ਜੁਰਮ ਨਹੀਂ ਕੀਤਾ ਹੋਵੇਗਾ। ਇਮੀਗਰੇਸ਼ਨ ਕਾਨੂੰਨਾਂ ਦੇ ਮਾਹਿਰ ਵਕੀਲ ਰਿਚਰਡ ਕਰਲੈਂਡ ਨੇ ਕਿਹਾ ਹੈ ਕਿ ਰਫਿਊਜ਼ੀਆਂ ਨਾਲ ਕੀਤਾ ਜਾ ਰਿਹਾ ਇਹ ਸੌਦਾ ਕੈਨੇਡਾ ਦੇ ਖਜ਼ਾਨੇ ਲਈ ਖਰਾ ਹੀ ਹੈ ਕਿਉਂਕਿ 'ਚੁੱਭੀ' ਮਾਰ ਕੇ ਕੈਨੇਡਾ ਵਿਚ ਰਹਿ ਰਹੇ ਰਫਿਊਜੀਆਂ ਨੂੰ ਲੱਭ ਕੇ ਡਿਪੋਰਟ ਕਰਨ 'ਤੇ ਸਰਕਾਰ ਦੀ ਚਾਰਾਜੋਈ 'ਤੇ ਕਿਤੇ ਜ਼ਿਆਦਾ ਖਰਚਾ ਹੋ ਜਾਂਦਾ ਹੈ।
No comments:
Post a Comment