News, Views and Information about NRIs.

A NRI Sabha of Canada's trusted source of News & Views for NRIs around the World.



May 3, 2012

ਜਸਵਿੰਦਰ ਸਿੰਘ ਐਡਵੋਕੇਟ ਦਾ ਐਡਮਿੰਟਨ, ਕੈਨੇਡਾ ਵਿਖੇ ਨਿੱਘਾ ਸਵਾਗਤ



ਜਸਵਿੰਦਰ ਸਿੰਘ ਐਡਵੋਕੇਟ ਨੂੰ ਸਨਮਾਨਿਤ ਕਰਦੇ ਵਿਧਾਇਕ ਪੀਟਰ ਸੰਧੂ, ਵਿਧਾਇਕ ਨਰੇਸ਼ ਭਾਰਦਵਾਜ
ਐਡਮਿੰਟਨ, 3 ਮਈ - ਪਿਛਲੇ ਦਿਨੀਂ ਕੈਨੇਡਾ ਦੀ ਫੇਰੀ 'ਤੇ ਆਏ ਐਡਵੋਕੇਟ ਜਸਵਿੰਦਰ ਸਿੰਘ ਬਾਘਾ ਪੁਰਾਣਾ ਐਡਮਿੰਟਨ ਨਿਵਾਸੀ ਸ਼ਮਸ਼ੇਰ ਬਰਾੜ ਦੇ ਸੱਦੇ 'ਤੇ ਐਡਮਿੰਟਨ ਪੁੱਜੇ। ਉਨ੍ਹਾਂ ਦੇ ਸਵਾਗਤ ਲਈ ਬਰਾੜ ਪਰਿਵਾਰ ਨੇ ਸਥਾਨਕ ਮਹਾਰਾਜਾ ਹਾਲ ਵਿਖੇ ਪ੍ਰੋਗਰਾਮ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਡਵੋਕੇਟ ਜਸਵਿੰਦਰ ਨੇ ਪੁੱਜੇ ਸ਼ਹਿਰ ਵਾਸੀਆਂ ਨੂੰ ਗੰਭੀਰਤਾ ਨਾਲ ਦੱਸਿਆ ਕਿ ਜਦੋਂ ਵੀ ਵਿਦੇਸ਼ਾਂ 'ਚ ਵਸਦੇ ਭਾਈਚਾਰੇ ਨੂੰ ਆਪਣੀ ਚੱਲ-ਅਚੱਲ ਜਾਇਦਾਦ ਨੂੰ ਵਿਕਰੀ ਕਰਨ ਦਾ ਹੱਕ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੇਣਾ ਚਾਹੀਦਾ ਸਿਰਫ਼ ਉਨ੍ਹਾਂ ਨੂੰ ਆਪਣੀ ਜਾਇਦਾਦ ਨੂੰ ਲੀਜ਼, ਸਾਂਝ ਸੰਭਾਲ ਸਬੰਧੀ ਹੱਕ ਦੇਣੇ ਚਾਹੀਦੇ ਹਨ। ਅੱਜਕਲ੍ਹ ਪੰਜਾਬ ਵਿਖੇ ਜਾਇਦਾਦਾਂ ਲੱਖਾਂ ਤੋਂ ਕਰੋੜਾਂ ਦੀਆਂ ਬਣ ਚੁੱਕੀਆਂ ਹਨ। ਇਥੇ ਵਸਦਾ ਭਾਈਚਾਰਾ ਪਹਿਲਾਂ ਆਪਣੀ ਜਾਇਦਾਦ ਨੂੰ ਪੰਜਾਬ ਬੈਠੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਉਸ ਦੀ ਆਮਦਨ ਵਰਤਣ ਲਈ ਦਿੰਦਾ ਹੈ ਪ੍ਰੰਤੂ ਬਾਅਦ ਵਿਚ ਪੰਜਾਬ ਵਸਦਾ ਪਰਿਵਾਰ ਉਸ ਜਾਇਦਾਦ ਨੂੰ ਆਪਣੀ ਹੀ ਸਮਝ ਬੈਠਦਾ ਹੈ ਜਿਸ ਕਾਰਨ ਵਿਦੇਸ਼ੀਆਂ ਦੀ ਜਾਇਦਾਦਾਂ ਉੱਪਰ ਕਬਜ਼ੇ ਆਮ ਹੋ ਜਾਂਦੇ ਹਨ। ਇਸ ਕਰਕੇ ਵਿਦੇਸ਼ੀ ਬਾਅਦ ਵਿਚ ਪੰਜਾਬ ਦੁਬਾਰਾ ਜਾਣ ਦਾ ਨਾਂਅ ਤੱਕ ਨਹੀਂ ਲੈਂਦੇ। ਸਮਾਗਮ ਵਿਚ ਐਡਵੋਕੇਟ ਜਸਵਿੰਦਰ ਸਿੰਘ ਨੂੰ ਵਿਧਾਇਕ ਪੀਟਰ ਸੰਧੂ, ਸਿੱਖ ਫੈਡਰੇਸ਼ਨ ਦੇ ਕਰਨੈਲ ਸਿੰਘ ਦਿਉਲ, ਵਿਧਾਇਕ ਨਰੇਸ਼ ਭਾਰਦਵਾਜ ਵੱਲੋਂ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਸ਼ਮਸ਼ੇਰ ਬਰਾੜ, ਹੈਰੀ ਬਰਾੜ, ਤੀਰਥ ਬਰਾੜ, ਬਲਦੇਵ ਧਾਲੀਵਾਲ ਤੋਂ ਇਲਾਵਾ ਦਰਜਨਾਂ ਨਿਵਾਸੀ ਹਾਜ਼ਰ ਸਨ।

ਸਿੱਖ ਨੌਜਵਾਨ ਜਗਜੀਤ ਸਿੰਘ ਨੇ ਲੰਡਨ ਮੈਰਾਥਨ ਵਿਚ ਲਿਆ ਹਿੱਸਾ

 ਜਗਜੀਤ ਸਿੰਘ ਲੰਡਨ ਮੈਰਾਥਨ ਵਿਚ
ਅਪਾਹਜ ਲੋਕਾਂ ਦੀ ਦੇਖ-ਭਾਲ ਕਰਨ ਵਾਲੀ ਚੈਰਿਟੀ ਲਈ ਕੀਤਾ ਫੰਡ ਇਕੱਤਰ
ਲੰਡਨ, 3 ਮਈ - ਸਿੱਖ ਨੌਜਵਾਨ ਜਗਜੀਤ ਸਿੰਘ ਨੇ ਲੰਡਨ ਮੈਰਾਥਨ ਵਿਚ ਹਿੱਸਾ ਲਿਆ। ਇਸ ਮੈਰਾਥਨ ਦੌੜ ਵਿਚ 100 ਤੋਂ ਵੱਧ ਮੁਲਕਾਂ ਦੇ ਅਥਲੀਟਾਂ ਨੇ ਹਿੱਸਾ ਲਿਆ। ਜਗਜੀਤ ਸਿੰਘ ਨੇ ਇਹ ਮੈਰਾਥਨ ਵਾਈਟ ਲੌਜ ਨਾਮ ਦੀ ਚੈਰਿਟੀ ਲਈ ਪੂਰੀ ਕੀਤੀ ਅਤੇ ਚੈਰਿਟੀ ਨੂੰ 2050 ਪੌਂਡ ਇਕੱਠੇ ਕਰਕੇ ਦਾਨ ਦਿੱਤੇ। ਇਹ ਚੈਰਿਟੀ ਅਪਾਹਜ ਬੱਚਿਆਂ ਸਮੇਤ ਹਰ ਉਮਰ ਦੇ ਅਪਾਹਜਾਂ ਦੀ ਦੇਖ-ਭਾਲ ਦਾ ਕੰਮ ਕਰਦੀ ਹੈ। ਸ: ਜਗਜੀਤ ਸਿੰਘ ਨੂੰ ਮੈਰਾਥਨ ਵਿਚ ਹਿੱਸਾ ਲੈਣ ਆਏ ਆਸਟਰੇਲੀਅਨ ਦੌੜਾਕਾਂ ਨੇ ਦੁਨੀਆ ਦੇ 5ਵੇਂ ਮਹਾਦੀਪ ਵਿਚ ਹੋਣ ਵਾਲੀ ਮੈਰਾਥਨ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ ਹੈ।

ਆਪਣੇ ਘਰ ਵਿੱਚ ਕਿਸੇ ਨੂੰ ਡਰ ਕੇ ਰਹਿਣ ਦੀ ਜ਼ਰੂਰਤ ਨਹੀਂ-ਐਡਮਿੰਟਨ ਪੁਲਿਸ


ਐਡਮਿੰਟਨ, 3 ਮਈ -  ਪੁਲਿਸ ਅਤੇ ਲੋਕਾਂ ਵਾਸਤੇ ਘਰੇਲੂ ਝਗੜੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦਾ ਖੁਲਾਸਾ ਐਡਮਿੰਟਨ ਪੁਲਿਸ ਨੇ 1 ਸਾਲ ਦੇ ਸਰਵੇ ਦੌਰਾਨ 7000 ਘਰੇਲੂ ਝਗੜਿਆਂ ਦੀ ਪੜਤਾ
ਲ ਕਰਨ ਤੋਂ ਬਾਅਦ ਕੀਤਾ। ਪੰਜਾਬੀ ਮੂਲ ਦੇ ਪੁਲਿਸ ਅਫ਼ਸਰ ਹਰਪ੍ਰੀਤ ਝਿੰਜਰ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਸਪਸ਼ਟ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਮੁਤਾਬਿਕ ਹਰ ਇਨਸਾਨ ਬਰਾਬਰ ਦੇ ਹੱਕ ਰੱਖਦੇ ਹਨ। ਅੱਤਿਆਚਾਰ ਚਾਹੇ ਔਰਤ 'ਤੇ ਹੋਇਆ ਹੋਵੇ, ਚਾਹੇ ਇਕ ਮਰਦ 'ਤੇ ਪੁਲਿਸ ਅਤੇ ਕਾਨੂੰਨ ਹਮੇਸ਼ਾ ਅੱਤਿਆਚਾਰ ਪੀੜਤ ਇਨਸਾਨ ਦੀ ਹਿਫਾਜ਼ਿਤ ਲਈ ਕੰਮ ਕਰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਰੇਲੂ ਝਗੜੇ ਘਰ ਤੱਕ ਸੀਮਿਤ ਨਹੀਂ ਇਸ ਵਿਚ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ। ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਕਚਹਿਰੀ ਵਿਚ ਮੁਕੱਦਮਾ ਦਰਜ ਹੋ ਜਾਵੇ ਤਾਂ ਪੁਲਿਸ ਜਾਂ ਤੁਸੀਂ ਆਪੇ ਮੁਕੱਦਮਾ ਵਾਪਸ ਨਹੀਂ ਲੈ ਸਕਦੇ। ਇਹ ਹੱਕ ਸਿਰਫ਼ ਸਰਕਾਰੀ ਵਕੀਲ ਨੂੰ ਹੀ ਹੈ। ਸ੍ਰ: ਝਿੰਜਰ ਨੇ ਅੱਗੇ ਦੱਸਿਆ ਕਿ ਬਹੁਤ ਲੋਕ ਭਾਸ਼ਾ ਨਾ ਆਉਣ ਕਰਕੇ ਪੁਲਿਸ ਸਟੇਸ਼ਨ ਫੋਨ ਜਾਂ ਖੁਦ ਨਹੀਂ ਆਉਂਦੇ ਪਰੰਤੂ ਪੁਲਿਸ ਸਟੇਸ਼ਨ ਵਿਚ ਤੁਹਾਨੂੰ ਆਪਣੀ ਪੰਜਾਬੀ ਅਤੇ ਹਿੰਦੀ ਭਾਸ਼ਾ (ਮਾਂ ਬੋਲੀ) ਵਿਚ ਗੱਲ ਕਰਨ ਵਾਲਾ ਅਫ਼ਸਰ ਮੁਹੱਈਆ ਕਰਵਾਇਆ ਜਾਂਦਾ ਹੈ। ਪੁਲਿਸ ਅਫ਼ਸਰ ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ, ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ 20 ਮਈ ਨੂੰ ਨਗਰ ਕੀਰਤਨ ਦੌਰਾਨ ਬਾਰੀ ਇਕੱਠ ਵਿਚ ਜਾਣਕਾਰੀ ਮੁਹੱਈਆ ਕਰਨ ਲਈ ਐਡਮਿੰਟਨ ਪੁਲਿਸ, ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਬੂਥ ਲਗਾਉਣਗੇ ਜਿੱਥੇ ਹਰ ਪ੍ਰਕਾਰ ਦੀ ਵਿਸਤਾਰ ਵਿਚ ਵਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ।

ਪ੍ਰੀਤ ਹਰਪਾਲ, ਹਰਜੀਤ ਹਰਮਨ ਦਾ ਆਸਟ੍ਰੇਲੀਆ ਦੌਰਾ 9 ਜੂਨ ਤੋਂ



ਕਲਾਕਾਰ ਹਰਜੀਤ ਹਰਮਨ, ਗੁਰਲੀਨ ਚੋਪੜਾ, ਪ੍ਰੀਤ ਹਰਪਾਲ ਤੇ ਜੈਲੀ
ਬ੍ਰਿਸਬੇਨ, 3 ਮਈ - ਪੰਜਾਬੀ ਫਿਲਮ 'ਸਿਰਫਿਰੇ' ਦੇ ਹੀਰੋ ਤੇ ਗਾਇਕ ਪ੍ਰੀਤ ਹਰਪਾਲ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਰਜੀਤ ਹਰਮਨ, ਜੈਲੀ ਤੇ ਹੀਰੋਇਨ ਗੁਰਲੀਨ ਚੋਪੜਾ, ਬਲੀਉ ਮੂਨ ਪ੍ਰੋਡਕਸ਼ਨ ਦੇ ਪ੍ਰਮਟੋਰ ਨਰਿੰਦਰ ਬੈਂਸ, ਜਗਦੀਪ ਸੰਧੂ ਕੈਨੇਡਾ, ਰੌਕੀ ਭੁੱਲਰ ਤੇ ਨਵਨੀਤ ਦੇ ਸੱਦੇ 'ਤੇ 'ਪੀਓਰ ਪੰਜਾਬੀ' ਫੇਰੀ 9 ਜੂਨ ਤੋਂ ਆਸਟ੍ਰੇਲੀਆ ਦੇ ਸ਼ਹਿਰ ਗ੍ਰੀਫਿਥ, ਮੈਲਬੋਰਨ 10 ਜੂਨ, ਐਡੀਲੇਡ 11 ਜੂਨ, ਔਕਲੈਂਡ (ਨਿਊਜ਼ੀਲੈਂਡ) 15 ਜੂਨ, ਸਿਡਨੀ 16 ਜੂਨ, ਕੇਨਜ਼ 23 ਜੂਨ ਤੇ ਬ੍ਰਿਸਬੇਨ 'ਚ 24 ਜੂਨ ਨੂੰ ਆਪਣੀ ਕਲਾ ਤੇ ਗਾਇਕੀ ਦਾ ਪ੍ਰਦਰਸ਼ਨ ਕਰਨਗੇ।

ਪੈਰਿਸ 'ਚ ਨਗਰ ਕੀਰਤਨ ਸਜਾਇਆ




ਗੁਰਦੁਆਰਾ ਸਿੰਘ ਸਭਾ ਬੋਬਿਨੀ ਤੋਂ ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਸਾਧ ਸੰਗਤ।
ਪੈਰਿਸ, 3 ਮਈ - ਫਰਾਂਸ ਦੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਸਾਂਝੇ ਤੌਰ 'ਤੇ 29 ਤਰੀਕ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੋਬਿਨੀ ਤੋਂ ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਬੋਬਿਨੀ ਤੋਂ ਆਰੰਭ ਹੋ ਕੇ ਬੋਬਿਨੀ ਦੇ ਆਸ-ਪਾਸ ਦੇ ਇਲਾਕਿਆਂ ਵਿਚ ਦੀ ਲੰਘਦਾ ਹੋਇਆ, ਗੁਰਦੁਆਰਾ ਸਾਹਿਬ ਆ ਕੇ ਹੀ ਸਮਾਪਤ ਹੋਇਆ। ਆਰੰਭਤਾ ਮੌਕੇ ਬੋਬਿਨੀ ਦੇ ਜੌਹਨ ਮੇਅਰ ਮਿਸ ਅਬਦੁੱਲ ਸਾਅਦੀ ਅਤੇ ਡਰੰਸੀ ਦੇ ਮੇਅਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਵੀ ਸੰਗਤ ਨਾਲ ਸਾਂਝੇ ਕੀਤੇ। ਨਗਰ ਕੀਰਤਨ ਵਿਚ ਸੰਗਤ ਦਾ ਭਾਰੀ ਇਕੱਠ ਅਤੇ ਜਲੌਅ ਵੇਖਿਆ ਹੀ ਬਣਦਾ ਸੀ। ਸਭ ਤੋਂ ਅੱਗੇ ਬੀਬੀਆਂ ਝਾੜੂ ਦੀ ਸੇਵਾ ਕਰ ਰਹੀਆਂ ਸਨ ਤੇ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੀ ਸਵਾਰੀ ਦੇ ਅੱਗੇ ਸੰਗਤਾਂ ਫੁੱਲ ਵਿਛਾਉਂਦੀਆਂ ਜਾ ਰਹੀਆਂ ਸਨ। ਛੋਟੇ ਬੱਚਿਆਂ, ਨੌਜਵਾਨਾਂ ਵੱਲੋਂ ਲਗਾਤਾਰ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਹੋ ਰਿਹਾ ਸੀ ਅਤੇ ਸਿੰਘਾਂ ਵੱਲੋਂ ਢਾਡੀ ਵਾਰਾਂ ਖ਼ਾਲਸੇ ਦੇ ਜਨਮ ਦਿਹਾੜੇ ਦੇ ਪ੍ਰਥਾਏ ਅਨੇਕਾਂ ਪ੍ਰਸੰਗ ਨਾਲ-ਨਾਲ ਸੁਣਾਏ ਜਾ ਰਹੇ ਸਨ। ਇਸ ਮੌਕੇ 'ਮੀਰੀ-ਪੀਰੀ ਗਤਕਾ' ਪਾਰਟੀ ਨੇ ਵੀ ਆਪਣੇ ਗੱਤਕੇ ਦੇ ਕਰਤੱਬ ਦਿਖਾ ਕੇ ਸੰਗਤ ਨੂੰ ਨਿਹਾਲ ਕੀਤਾ।