ਨਵੀਂ ਦਿੱਲੀ, 17 ਅਗਸਤ (ਏਜੰਸੀ) -ਕੋਲਕਾਤਾ ਹਾਈ ਕੋਰਟ ਦੇ ਜੱਜ ਸੋਮਿਤਰਾ ਸੇਨ ਵਿਰੁੱਧ ਰਾਜ ਸਭਾ 'ਚ ਅੱਜ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। ਮਾਰਕਸੀ ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਨੇ ਉਨ੍ਹਾਂ ਨੂੰ ਦੁਰਵਿਹਾਰ ਦਾ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਪਦ ਤੋਂ ਹਟਾਉਣ ਲਈ ਉਨ੍ਹਾਂ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕੀਤੀ। ਫੰਡਾਂ ਦੀ ਦੁਰਵਰਤੋਂ ਕਰਨ ਅਤੇ ਤੱਥਾਂ ਬਾਰੇ ਗਲਤ ਜਾਣਕਾਰੀ ਦੇਣ ਕਾਰਨ ਸੇਨ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਰਾਜ ਸਭਾ ਵਿਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਹਾਈ ਕੋਰਟ ਦੇ ਜੱਜ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਇਹ ਕਾਰਵਾਈ ਉਸ ਨਾਜ਼ੁਕ ਸਮੇਂ 'ਤੇ ਕੀਤੀ ਜਾ ਰਹੀ ਹੈ ਜਦ ਸਾਰਾ ਦੇਸ਼ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਚਰਚਾ ਕਰ ਰਿਹਾ ਹੈ। ਸੇਨ ਮਹਾਂਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਦੇਸ਼ ਦੇ ਦੂਜੇ ਜੱਜ ਬਣ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਵੀ. ਰਾਮਾਸਵਾਮੀ ਲੋਕ ਸਭਾ ਵਿਚ ਮਹਾਂਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰ ਚੁੱਕੇ ਹਨ। ਅੱਜ ਸੇਨ ਕਾਲੇ ਕੱਪੜੇ ਪਾਈ ਰਾਜ ਸਭਾ ਦੇ ਪਰਵੇਸ਼ ਦੀ ਦਹਿਲੀਜ਼ 'ਤੇ ਚੇਅਰਮੈਨ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਨਾਲ ਪੰਜ ਵਕੀਲ ਵੀ ਸਨ। ਜਸਟਿਸ ਸੇਨ ਨੇ ਆਪਣੇ ਬਚਾਅ ਵਿਚ ਕਿਹਾ ਕਿ ਮੈਂ ਸਾਬਿਤ ਕਰ ਦੇਵਾਂਗਾ ਕਿ ਮੈਂ ਗਲਤ ਨਹੀਂ ਹਾਂ। ਯੇਚੁਰੀ ਨੇ ਕਿਹਾ ਕਿ ਸੇਨ ਨੇ ਜੱਜ ਦੇ ਸਭ ਤੋਂ ਵੱਡੇ ਦਫ਼ਤਰ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੇਨ ਵਿਰੁੱਧ ਬਹੁਤ ਗੰਭੀਰ ਦੋਸ਼ ਹਨ। ਰਾਜ ਸਭਾ ਵਿਚ ਮਹਾਂਦੋਸ਼ ਦੀ ਕਾਰਵਾਈ ਤੋਂ ਬਾਅਦ ਮਾਮਲਾ ਲੋਕ ਸਭਾ ਅੱਗੇ ਪੇਸ਼ ਕੀਤਾ ਜਾਵੇਗਾ। ਸੇਨ ਵੱਲੋਂ ਬਚਾਅ: ਕੋਲਕਾਤਾ ਹਾਈ ਕੋਰਟ ਦੇ ਜੱਜ ਸੋਮਿਤਰਾ ਸੇਨ ਨੇ ਅੱਜ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੇਰਾ ਜੱਜ ਦੇ ਅਹੁਦੇ 'ਤੇ ਵਤੀਰਾ ਕਦੇ ਵੀ ਸਵਾਲਾਂ ਵਿਚ ਨਹੀਂ ਰਿਹਾ। ਜਸਟਿਸ ਸੇਨ ਨੇ ਕਿਹਾ ਕਿ ਕੋਲਕਾਤਾ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਤੇ ਇਹ ਕਾਰਵਾਈ ਹੋਈ ਹੈ। ਪੱਤਰ ਵਿਚ ਕਿਹਾ ਗਿਆ ਸੀ ਕਿ ਮਾਮਲੇ ਦੇ ਨਤੀਜੇ 'ਤੇ ਪਹੁੰਚਣ ਲਈ ਜਾਂਚ ਦੀ ਲੋੜ ਹੈ। ਪੱਤਰ ਦੇ ਅਖੀਰ ਵਿਚ ਇਹ ਵੀ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਜਸਟਿਸ ਸੇਨ ਵਿਰੁੱਧ ਕੋਈ ਸ਼ਿਕਾਇਤ ਨਹੀਂ ਪਾਈ ਗਈ। ਸੇਨ ਨੇ ਕਿਹਾ ਕਿ ਉੱਚ-ਅਹੁਦੇ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਗਲਤ ਪ੍ਰਕਿਰਿਆ ਦਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਇਨਸਾਫ ਮੰਗਣ ਆਇਆ ਹਾਂ। ਜੇ ਤੁਸੀਂ ਮਹਾਂਦੋਸ਼ ਲਗਾਉਗੇ ਤਾਂ ਇਹ ਸਭ ਤੋਂ ਵੱਡੀ ਬੇਇਨਸਾਫੀ ਹੋਵੇਗੀ। ਉਨ੍ਹਾਂ ਸਭਾ ਨੂੰ ਬੇਨਤੀ ਕੀਤੀ ਕਿ ਮਾਮਲੇ ਵਿਚ ਸਹੀ ਤੱਥਾਂ ਦੇ ਆਧਾਰ 'ਤੇ ਫ਼ੈਸਲਾ ਕੀਤਾ ਜਾਵੇ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ। ਜਸਟਿਸ ਸੇਨ 'ਤੇ 1990 ਦੇ ਦਹਾਕੇ ਵਿਚ ਤਕਰੀਬਨ 24 ਲੱਖ ਰੁਪਏ ਦੇ ਗਬਨ ਦਾ ਦੋਸ਼ ਹੈ। ਉਸ ਵੇਲੇ ਉਹ ਵਕੀਲ ਸਨ ਅਤੇ ਕਲਕੱਤਾ ਹਾਈ ਕੋਰਟ ਨੇ ਉਨ੍ਹਾਂ ਨੂੰ ਰਿਸੀਵਰ ਨਿਯੁਕਤ ਕੀਤਾ ਸੀ।
No comments:
Post a Comment