ਵੈਨਕੂਵਰ, 5 ਸਤੰਬਰ (ਗੁਰਵਿੰਦਰ ਸਿੰਘ ਧਾਲੀਵਾਲ)-ਖੂਬਸੂਰਤ ਫਰੇਜ਼ਰ ਵੈਲੀ ਦੀਆਂ ਪਹਾੜੀਆਂ ਵਿਚ ਉਸਰੇ ਸ਼ਾਨਦਾਰ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਉੱਤਰੀ ਅਮਰੀਕਾ ਦੀਆਂ ਸਿੱਖ ਸੱਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਕੈਲਗਿਰੀ, ਐਡਮਿੰਟਨ, ਸਿਆਟਲ, ਕੈਲੇਫੋਰਨੀਆ ਅਤੇ ਮੈਨੀਟੋਬਾ ਤੋਂ ਸਿੱਖ ਜਥਿਆਂ ਨੇ ਭਰਪੂਰ ਹਾਜ਼ਰੀ ਲੁਆਈ। ਇਸ ਮੌਕੇ 'ਤੇ ਹਜ਼ਾਰਾਂ ਸਿੱਖ ਸੰਗਤਾਂ ਵੱਲੋਂ ਸਿੱਖ ਪੰਥ ਦੇ ਦਰਪੇਸ਼ ਮਸਲਿਆਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਅਤੇ ਭਾਰਤ ਅੰਦਰ ਅਨੰਦ ਮੈਰਿਜ ਐਕਟ ਦੇ ਲਾਗੂ ਕੀਤੇ ਜਾਣ ਦੇ ਹੱਕ 'ਚ ਅਰਦਾਸ ਕੀਤੀ ਗਈ। ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਭਾਗ ਸਿੰਘ ਅਤੇ ਭਾਈ ਬਚਨ ਸਿੰਘ ਨੂੰ ਵੀ ਯਾਦ ਕੀਤਾ ਗਿਆ। ਕਲਗੀਧਰ ਪਾਰਕ 'ਚ ਸਜੀ ਸਟੇਜ 'ਤੇ ਬੋਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਮਾਈਕਲ ਡੀਜੋਂਗ, ਵਿਧਾਇਕ ਜੌਹਨ ਵੈਨਡੌਂਗਨ, ਵਿਧਾਇਕ ਜਗਰੂਪ ਸਿੰਘ ਬਰਾੜ, ਮਿਸ਼ਨ ਦੇ ਮੇਅਰ ਜੇਮਜ਼ ਅਬਟੇ, ਡਿਪਟੀ ਮੇਅਰ ਤਰਲੋਕ ਸਿੰਘ ਗਿੱਧਾ, ਐਬਟਸਫੋਰਡ ਸ਼ਹਿਰ ਦੇ ਡਿਪਟੀ ਮੇਅਰ ਮਹਿੰਦਰ ਸਿੰਘ ਗਿੱਲ, ਸਾਬਕਾ ਸਿਹਤ ਮੰਤਰੀ ਡਾ: ਗੁਲਜ਼ਾਰ ਸਿੰਘ ਚੀਮਾ, ਸਕੂਲ ਟਰੱਸਟੀ ਪ੍ਰੀਤ ਮਹਿੰਦਰ ਸਿੰਘ ਰਾਏ, ਸਾਬਕਾ ਸਕੂਲ ਟਰੱਸਟੀ ਸਤਬੀਰ ਸਿੰਘ ਸੱਤ ਗਿੱਲ, ਸਾਬਕਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਜਤੀ ਸਿੱਧੂ, ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਬੀ. ਸੀ. ਦੇ ਪ੍ਰਧਾਨ ਤੇ ਸ਼ੇਰੇ ਪੰਜਾਬ ਰੇਡੀਓ ਦੇ ਡਾਇਰੈਕਟਰ ਸ: ਅਜੀਤ ਸਿੰਘ ਬਾਧ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਬੀ. ਸੀ. ਤੋਂ ਨੁਮਾਇੰਦੇ ਪੁਸ਼ਪਿੰਦਰ ਸਿੰਘ, ਦਲਮਿੰਦਰ ਸਿੰਘ ਵਿਰਕ ਸਮੇਤ ਹੋਰਨਾਂ ਨੇ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਪ੍ਰਸਿੱਧ ਵਿਦਵਾਨ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 19ਵੀਂ ਪੁਸਤਕ 'ਗੈਰਤਾਂ ਦੇ ਸੂਹੇ ਫੁੱਲ' ਇਸ ਮੌਕੇ 'ਤੇ ਰਿਲੀਜ਼ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿਚ ਵੱਡਮੁੱਲਾ ਸਾਹਿਤ ਸੰਗਤਾਂ 'ਚ ਵੰਡਿਆ ਗਿਆ। ਸ਼ਾਨੇ ਖਾਲਸਾ ਦੇ 5 ਸਾਲਾਂ ਦੇ ਬੱਚੇ ਹਰਿ ਅਰਜੁਨ ਸਿੰਘ ਨੇ ਕੀਰਤਨ ਕੀਤਾ। ਸਟੇਜ ਦੀ ਸੇਵਾ ਭਾਈ ਬਲਬੀਰ ਸਿੰਘ ਸੱਗੂ ਤੇ ਭਾਈ ਬਾਜ ਸਿੰਘ ਜੱਸਲ ਨੇ ਸ: ਸੁਰਦੇਵ ਸਿੰਘ ਜਟਾਣਾ ਦੇ ਸਹਿਯੋਗ ਨਾਲ ਨਿਭਾਈ। ਐਬੀ ਰੈਸਲਿੰਗ ਕਲੱਬ ਦੇ ਐਬਟਸਫੋਰਡ ਸੌਕਰ ਕਲੱਬ ਨੇ ਸਮੁੱਚੀ ਸਫਾਈ ਲਈ ਸੇਵਾਵਾਂ ਨਿਭਾਈਆਂ।
No comments:
Post a Comment