ਨਿੱਤਿਆਨੰਦ ਵੱਲੋਂ ਆਖਰੀ ਮੌਕੇ 'ਤੇ ਵੈਨਕੂਵਰ ਦਾ ਦੌਰਾ ਰੱਦ
ਵੈਨਕੂਵਰ, 10 ਸਤੰਬਰ (ਗੁਰਵਿੰਦਰ ਸਿੰਘ ਧਾਲੀਵਾਲ)-ਦੱਖਣੀ ਭਾਰਤ 'ਚ ਧਰਮ ਗੁਰੂ ਕਰਕੇ ਜਾਣੇ ਜਾਂਦੇ ਵਿਵਾਦਗ੍ਰਸਤ ਸੁਆਮੀ ਨਿੱਤਿਆਨੰਦ ਦੀ ਕੈਨੇਡਾ ਫੇਰੀ ਐਨ ਆਖਰੀ ਮੌਕੇ ਰੱਦ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਉਕਤ ਯੋਗਾ ਗੁਰੂ ਦੇ ਚੇਲਿਆਂ ਵੱਲੋਂ ਡਾਊਨ ਟਾਊਨ ਵੈਨਕੂਵਰ 'ਚ ਸਥਾਪਿਤ 'ਲਾਈਫ ਬਲਿੱਸ' ਸੰਸਥਾ ਵੱਲੋਂ ਮੀਡੀਆ ਲਈ ਜਾਰੀ ਕਰਦਿਆਂ ਕਿਹਾ ਗਿਆ ਕਿ 'ਸੁਆਮੀ ਜੀ' ਅਮਰੀਕਾ ਅਤੇ ਕੈਨੇਡਾ ਦੇ 'ਧਰਮ ਦੌਰੇ' 'ਤੇ ਨਹੀਂ ਆ ਰਹੇ, ਸਗੋਂ ਉਹ ਹੁਣ ਵੀਡੀਉ ਕਾਨਫਰੰਸਿੰਗ ਰਾਹੀਂ ਆਪਣੇ ਸ਼ਰਧਾਲੂਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੀਡੀਆ ਸੰਸਥਾ ਸ਼ੇਰੇ ਪੰਜਾਬ ਰੇਡੀਓ ਅਤੇ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵੱਲੋਂ 59 ਦਿਨ ਜੇਲ੍ਹ 'ਚ ਬਿਤਾਉਣ ਅਤੇ ਜ਼ਮਾਨਤ ਦੀਆਂ ਸਖ਼ਤ ਸ਼ਰਤਾਂ ਅਧੀਨ ਰਿਹਾਅ ਹੋਣ ਵਾਲੇ ਨਿੱਤਿਆਨੰਦ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ ਤੇ ਉਸ ਦੇ ਵੈਨਕੂਵਰ ਆਉਣ 'ਤੇ ਵੱਡਾ ਰੋਸ ਵਿਖਾਵਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸੰਸਥਾ ਦੇ ਪ੍ਰਧਾਨ ਸ: ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਕੈਨੇਡਾ ਦੇ ਜਾਗਰੂਕ ਲੋਕਾਂ ਨੇ ਇਕ ਵਾਰ ਫਿਰ ਸੁਨੇਹਾ ਪਹੁੰਚਾ ਦਿੱਤਾ ਹੈ ਕਿ ਵੈਨਕੂਵਰ 'ਚ ਪਾਖੰਡੀ ਬਾਬਿਆਂ ਲਈ ਕੋਈ ਥਾਂ ਨਹੀਂ ਅਤੇ ਨਿੱਤਿਆਨੰਦ ਦਾ ਦੌਰਾ ਰੱਦ ਕੀਤਾ ਜਾਣਾ ਪਾਖੰਡ ਖਿਲਾਫ਼ ਜਿੱਤ ਦੇ ਨਿਸ਼ਾਨ ਗੱਡੇ ਜਾਣ ਦੀ ਮਿਸਾਲ ਹੋ ਨਿੱਬੜੀ ਹੈ।
No comments:
Post a Comment