ਸ਼ਹੀਦੀਆਂ ਦੇ ਕੇ ਮਿਲਿਆ ਹੈ ਮਾਂ-ਬੋਲੀ ਨੂੰ ਸਨਮਾਨ-ਰਫੀਕੁਲ ਇਸਲਾਮ
ਮਦਰ ਲੈਂਗੂਏਜ ਲਵਰਜ਼ ਗਰੁੱਪ ਦੇ ਮੁਖੀ ਰਫੀਕੁਲ ਇਸਲਾਮ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ।
ਵੈਨਕੂਵਰ, 27 ਫਰਵਰੀ - ਸੰਯੁਕਤ ਰਾਸ਼ਟਰ ਸੰਘ ਦੀ ਸੰਸਥਾ ਯੂਨੈਸਕੋ ਵੱਲੋਂ 21 ਫਰਵਰੀ ਨੂੰ ਕੌਮਾਂਤਰੀ ਪੱਧਰ 'ਤੇ ਮਨਾਏ ਜਾਂਦੇ ਮਾਂ-ਬੋਲੀ ਦਿਹਾੜੇ ਲਈ, ਮਾਨਤਾ ਦਿਵਾਉਣ ਵਾਸਤੇ ਪਹਿਲਾ ਮਤਾ ਪਾਸ ਕਰਕੇ ਯੂ. ਐਨ. ਓ. ਨੂੰ ਭੇਜਣ ਵਾਲੇ, ਬੰਗਲਾਦੇਸ਼ੀ ਮੂਲ ਦੇ ਰਫੀਕੁਲ ਇਸਲਾਮ ਦਾ ਕਹਿਣਾ ਹੈ ਕਿ ਭਾਸ਼ਾ ਹੀ ਮਨੁੱਖ ਦੀ ਸਹੀ ਪਛਾਣ ਹੈ ਤੇ ਇਸ ਨੂੰ ਵਿਸਾਰਨਾ ਆਪਣੀ ਹੋਂਦ ਮਿਟਾਉਣਾ ਹੈ। ਆਪਣੀ ਮਾਂ-ਬੋਲੀ ਬੰਗਲਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ 'ਚ ਇਕੱਠੇ ਹੋਏ ਬੰਗਲਾ ਸਪੂਤਾਂ ਵੱਲੋਂ, ਰਾਜ ਭਾਸ਼ਾ ਬੰਗਲਾ ਨੂੰ ਬਣਾਏ ਜਾਣ ਦੀ ਮੰਗ ਲਈ ਸੰਘਰਸ਼ ਨੂੰ ਕੁਚਲਣ ਵਾਸਤੇ ਮੌਕੇ ਦੀ ਸਰਕਾਰ ਨੇ ਅੰਧਾਧੁੰਦ ਗੋਲੀਆਂ ਚਲਾਈਆਾਂ ਤੇ ਸਿੱਟੇ ਵਜੋਂ ਹੋਈਆਂ ਸ਼ਹੀਦੀਆਂ ਸਦਕਾ ਹੀ ਮਾਤ ਭਾਸ਼ਾ ਨੂੰ ਸਨਮਾਨ ਮਿਲਿਆ ਅਤੇ 9 ਮਈ 1954 ਨੂੰ ਵਿਧਾਨ ਪਾਲਿਕਾ ਨੂੰ ਉਨ੍ਹਾਂ ਦੀ ਭਾਸ਼ਾ ਨੂੰ, 'ਰਾਸ਼ਟਰ ਭਾਸ਼ਾ' ਵਜੋਂ ਦਰਜਾ ਦੇਣਾ ਪਿਆ। ਸੰਨ 1971 ਵਿਚ ਪੂਰਬੀ ਪਾਕਿਸਤਾਨ ਆਜ਼ਾਦ ਮੁਲਕ ਬਣਿਆ ਤੇ ਇਸ ਦਾ ਨਾਂਅ ਭਾਸ਼ਾ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ 'ਬੰਗਲਾ ਦੇਸ਼' ਰੱਖਿਆ ਗਿਆ। ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਰਹਿ ਰਹੇ ਰਫੀਕੁਲ ਇਸਲਾਮ ਨੇ ਰੌਚਿਕ ਬੱਥਾਂ ਰਾਹੀਂ ਰੋਸ਼ਨੀ ਪਾਉਂਦਿਆਂ ਦੱਸਿਆ ਕਿ 'ਸੰਸਾਰ ਮਾਂ-ਬੋਲੀ ਦਿਹਾੜੇ' ਦੇ ਸੰਘਰਸ਼ ਦਾ ਕੈਨੇਡਾ ਤੋਂ ਉਸ ਵੇਲੇ ਮੁੱਢ ਬੱਝਿਆ, ਜਦੋਂ ਉਨ੍ਹਾਂ ਆਪਣੇ ਦਸ ਕੁ ਸਾਥੀਆਂ ਨਾਲ ਮਿਲ ਕੇ 'ਮਦਰ ਲੈਂਗੂਏਜ ਲਵਰਜ਼ ਗਰੁੱਪ' ਰਾਹੀਂ 1998 ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਕੋਫੀ ਅਨਾਨ ਨੂੰ ਮਤਾ ਤਿਆਰ ਕਰਕੇ ਭੇਜਿਆ। ਰਫੀਕੁਲ ਦੇ ਦੱਸਣ ਮੁਤਾਬਿਕ ਯੂ. ਐਨ. ਓ. ਵੱਲੋਂ ਦਿੱਤੀ ਤਜਵੀਜ਼ ਕਿ ਇਹ ਮਤਾ ਕਿਸੇ ਮੈਂਬਰ ਰਾਸ਼ਟਰ ਵੱਲੋਂ ਭੇਜਿਆ ਜਾਵੇ, ਉੱਪਰ ਗੌਰ ਕਰਦਿਆਂ ਕੈਨੇਡੀਅਨ ਗਰੁੱਪ ਨੇ ਬੰਗਲਾ ਦੇਸ਼ ਨਾਲ ਸੰਪਰਕ ਕੀਤਾ, ਜਿਸ ਨੇ ਇਸ ਨੂੰ ਸਵੀਕਾਰ ਕਰਦਿਆਂ, 28 ਹੋਰਨਾਂ ਦੇਸ਼ਾਂ ਤੋਂ ਵੀ ਸਹਿਯੋਗ ਲਿਆ ਤੇ 17 ਨਵੰਬਰ 1999 ਨੂੰ ਯੂਨੈਸਕੋ ਦੀ ਜਨਰਲ ਕੌਂਸਲ ਨੇ ਪ੍ਰਵਾਨਗੀ ਦੇ ਦਿੱਤੀ ਤੇ 21 ਫਰਵਰੀ ਸੰਨ 2000 ਤੋਂ ਕੌਮਾਂਤਰੀ ਬੋਲੀ ਦਿਹਾੜਾ ਮਨਾਇਆ ਜਾਣ ਲੱਗਿਆ। ਢਾਕਾ ਯੂਨੀਵਰਸਿਟੀ ਤੋਂ ਐਮ. ਕਾਮ ਕਰਕੇ ਕੈਨੇਡਾ ਆ ਵਸੇ ਤੇ ਅੱਜਕਲ੍ਹ, ਸਰੀ ਸ਼ਹਿਰ 'ਚ ਭਾਸ਼ਾਈ ਸਰਗਰਮੀਆਂ 'ਚ ਰੁੱਝੇ, ਰਫੀਕੁਲ ਇਸਲਾਮ ਨੂੰ ਸ਼ਲਾਘਾਯੋਗ ਦੱਸਦਿਆਂ ਸੁਨੇਹਾ ਦਿੱਤਾ ਕਿ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨ ਵਾਲੇ ਕੌਮ ਦੀ ਜ਼ੁਬਾਨ ਸਦਾ ਸਲਾਮਤ ਰਹੇਗੀ, ਪਰ ਜਿਸ ਦੀ ਤੀਜੀ ਪੀੜ੍ਹੀ ਬੋਲੀ ਨਾਲ ਟੁੱਟ ਗਈ, ਉਹ ਬੋਲੀ ਬੀਤੇ ਦਾ ਇਤਿਹਾਸ ਹੀ ਰਹਿ ਜਾਵੇਗੀ।ਮਦਰ ਲੈਂਗੂਏਜ ਲਵਰਜ਼ ਗਰੁੱਪ ਦੇ ਮੁਖੀ ਰਫੀਕੁਲ ਇਸਲਾਮ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ।
No comments:
Post a Comment