ਪ੍ਰੀਮੀਅਰ ਰੈੱਡਫੋਰਡ ਵੱਲੋਂ 19 ਮੈਂਬਰੀ ਮੰਤਰੀ ਮੰਡਲ ਦਾ ਗਠਨ
ਪ੍ਰੀਮੀਅਰ ਐਲੀਸਨ ਰੈੱਡਫੋਰਡ ਨਵੇਂ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ, ਨਾਲ ਉਨ੍ਹਾਂ ਦੇ ਸ. ਮਨਮੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਤੇ ਹੋਰ। |
ਕੈਲਗਰੀ/ਐਡਮਿੰਟਨ, 9 ਮਈ (ਵਤਨਦੀਪ ਸਿੰਘ ਗਰੇਵਾਲ)-ਅੱਜ ਪ੍ਰੀਮੀਅਰ ਐਲੀਸਨ ਰੈੱਡਫੋਰਡ ਦੀ ਅਗਵਾਈ 'ਚ ਅਲਬਰਟਾ ਮੰਤਰੀ ਮੰਡਲ ਨੇ ਸਹੁੰ ਚੁੱਕੀ। ਰੈੱਡਫੋਰਡ ਨੇ ਆਪਣੇ 19 ਮੈਂਬਰੀ ਮੰਤਰੀ ਮੰਡਲ 'ਚ ਕੁੱਝ ਨਵੇਂ ਚਿਹਰੇ ਸ਼ਾਮਿਲ ਕੀਤੇ ਹਨ। ਪੰਜਾਬੀ ਭਾਈਚਾਰੇ ਵੱਲੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਜਿੱਤ 'ਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਸ. ਮਨਮੀਤ ਸਿੰਘ ਭੁੱਲਰ ਨੂੰ ਸਮਾਜਿਕ ਸੇਵਾਵਾਂ ਬਾਰੇ ਕੈਬਨਿਟ ਮੰਤਰੀ ਵਜੋਂ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਹੈ। ਪਹਿਲੀ ਕੰਜ਼ਰਵੇਟਿਵ ਸਰਕਾਰ 'ਚ ਉਹ ਰਾਜ ਮੰਤਰੀ ਸਨ। ਥਾਮਸ ਲੂਕਾਸਜ਼ੁਕ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ। ਉਨ੍ਹਾਂ ਦੀ ਨਿਯੁਕਤੀ ਅਹਿਮ ਹੈ ਕਿਉਂਕਿ ਪਿੱਛਲੀ ਸਰਕਾਰ ਵੇਲੇ ਵਿਰੋਧੀ ਧਿਰ ਰੈੱਡਫੋਰਡ ਉਪਰ ਵਿਧਾਨ ਸਭਾ 'ਚ ਹਾਜ਼ਰ ਨਾ ਰਹਿਣ ਦੇ ਦੋਸ਼ ਲਾਉਂਦੀ ਰਹੀ ਹੈ। ਆਪਣੀ ਨਿਯੁਕਤੀ ਉਪਰੰਤ ਥਾਮਸ ਨੇ ਕਿਹਾ ਕਿ ਰੈੱਡਫੋਰਡ ਦੀ ਗੈਰਹਾਜ਼ਰੀ ਦੀ ਸੂਰਤ 'ਚ ਉਹ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਕੈਲਗਰੀ ਦੇ ਸਾਬਕਾ ਕੌਂਸਲਰ ਰਿਕ ਮੈਕਲਵਰ ਨਵੇਂ ਟਰਾਂਸਪੋਰਟ ਮੰਤਰੀ ਹੋਣਗੇ ਜਦਕਿ ਸਾਬਕਾ ਕੈਲਗਰੀ ਪ੍ਰਿੰਸੀਪਲ ਕ੍ਰਿਸਟਾਈਨ ਕੁਸਾਨੇਲੀ ਨੂੰ ਸੈਰਸਪਾਟਾ ਮੰਤਰੀ ਬਣਾਇਆ ਗਿਆ ਹੈ। ਡਵੇ ਹੈਨਕੁਕ ਨੂੰ ਮਨੁੱਖੀ ਸੇਵਾਵਾਂ, ਕਲ ਡਲਾਸ ਕੌਮਾਂਤਰੀ ਮਾਮਲੇ, ਡਿਆਨਾ ਮੈਕੁਈਨ ਵਾਤਾਵਰਣ ਮਾਮਲੇ, ਫਰੈਡ ਹੌਰਨ ਨੂੰ ਸਿਹਤ ਸੇਵਾਵਾਂ ਤੇ ਕੇਨ ਹਿਊਸ ਨੂੰ ਊਰਜਾ ਮੰਤਰੀ ਬਣਾਇਆ ਗਿਆ। ਹੋਰ ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਲਿਆ ਗਿਆ ਹੈ, ਉਨ੍ਹਾਂ 'ਚ ਜੈਫ ਜੌਹਨਸਨ (ਸਿੱਖਿਆ), ਵਰਲਿਨ ਓਲਸਨ (ਖੇਤੀਬਾੜੀ ਤੇ ਦਿਹਾਤੀ ਵਿਕਾਸ), ਜੋਨਾਥਨ ਡੈਨਿਸ (ਨਿਆਂ) ਡੌਗ ਗਰਿਫਿਤਸ (ਮਿਊਂਸਪਲ ਮਾਮਲੇ), ਰੌਬਿਨ ਕੈਂਪਬੈਲ (ਆਦਿਵਾਸੀ ਮਾਮਲੇ), ਹੀਥਰ ਕਲਿਮਚੁਕ (ਸਭਿਆਚਾਰ), ਵੇਨੇ ਡਰਾਈਸਡੇਲ (ਬੁਨਿਆਦੀ ਸਹੂਲਤਾਂ) ਤੇ ਸਟੀਫਨ ਖਾਨ (ਉਦਮੀ ਤੇ ਆਧੁਨਿਕ ਸਿੱਖਿਆ) ਸ਼ਾਮਿਲ ਹਨ। ਸ. ਮਨਮੀਤ ਸਿੰਘ ਭੁੱਲਰ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ 6 ਪੰਜਾਬੀ ਮੂਲ ਦੇ ਵਿਧਾਇਕ ਚੁਣੇ ਗਏ ਸਨ ਪਰ ਇੱਕ ਹੀ ਪੰਜਾਬੀ ਮੂਲ ਦੇ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਹੈ।
No comments:
Post a Comment