ਸਰੀ, 20 ਅਗਸਤ -ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੀ 'ਮੋਸਟ ਵਾਂਟਿਡ ਲਿਸਟ' ਵਿਚ 32 ਨਾਂਅ ਹੋਰ ਸ਼ੁਮਾਰ ਕਰ ਦਿੱਤੇ ਹਨ। ਨਵੇਂ ਜੋੜੇ ਗਏ ਨਾਵਾਂ ਵਿਚ ਕੁਝ ਨਾਂਅ ਉਨ੍ਹਾਂ ਇਮੀਗਰਾਂਟਾਂ ਦੇ ਵੀ ਹਨ, ਜਿਨ੍ਹਾਂ ਨੇ ਆਪੋ-ਆਪਣੇ ਮੁਲਕਾਂ 'ਚ ਮਨੁੱਖੀ ਅਧਿਕਾਰਾਂ ਜਾਂ ਜੰਗੀ ਅਸੂਲਾਂ ਦਾ ਉਲੰਘਣ ਕਰਦਿਆਂ ਨਿਰਦੋਸ਼ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਕਤਲ ਕੀਤੇ ਸਨ ਜਾਂ ਉਨ੍ਹਾਂ 'ਤੇ ਜ਼ੁਲਮ ਕੀਤੇ ਸਨ। ਇਹ ਖੁਲਾਸਾ ਏਜੰਸੀ ਦੇ ਮੁਖੀ ਲੁਕ ਪੋਰਟੇਲੈਂਕੇ ਅਤੇ ਫੈਡਰਲ ਪਬਲਿਕ ਸੇਫਟੀ ਮੰਤਰੀ ਵਿਕ ਟੋਅਜ਼ ਨੇ ਇਕੱਠਿਆਂ ਟੋਰਾਂਟੋ ਵਿਖੇ ਕੀਤਾ। ਗੌਰਤਲਬ ਹੈ ਕਿ ਮੰਤਰੀ ਵਿਕ ਟੋਅਜ਼ ਨੇ ਜੁਲਾਈ ਮਹੀਨੇ ਵੀ 30 ਅਜਿਹੇ ਵਿਅਕਤੀਆਂ ਦੇ ਨਾਂਅ 'ਮੋਸਟ ਵਾਂਟੇਡ ਲਿਸਟ' 'ਚ ਜੋੜੇ ਸਨ। ਕੈਨੇਡਾ ਦੇ ਸਿੱਖਾਂ ਦਾ ਮੰਨਣਾ ਹੈ ਕਿ 1984 ਤੋਂ ਲੈ ਕੇ 1996 ਤੱਕ ਸਿੱਖ ਕੌਮ 'ਤੇ ਭਾਰਤੀ ਸੁਰੱਖਿਆ ਫੋਰਸਾਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬੇਤਹਾਸ਼ਾ ਜ਼ੁਲਮ ਕੀਤੇ ਹਨ, ਜਿਸ ਦੀ ਤਸਦੀਕ ਐਮਨੈਸਟੀ ਇੰਟਰਨੈਸ਼ਨਲ ਵਰਗੀ ਜਗਤ ਪ੍ਰਸਿੱਧ ਮਨੁੱਖੀ ਅਧਿਕਾਰ ਸੰਸਥਾ ਨੇ ਵੀ ਕੀਤੀ ਹੈ। ਇਹ ਵੀ ਸੱਚ ਹੈ ਕਿ ਨਿਰਦੋਸ਼ ਸਿੱਖਾਂ ਦਾ ਘਾਣ ਕਰਨ ਵਾਲੇ ਇਨ੍ਹਾਂ ਪੁਲਿਸ ਅਤੇ ਫੌਜੀ ਅਧਿਕਾਰੀਆਂ ਦੀ ਵੱਡੀ ਗਿਣਤੀ ਕੈਨੇਡਾ ਵਿਚ ਖੁਦ ਜਾਂ ਆਪਣੀ ਔਲਾਦ ਰਾਹੀਂ ਸਥਾਪਤ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ, ਸਰੀ ਦੇ ਪ੍ਰਧਾਨ ਸ: ਗਿਆਨ ਸਿੰਘ ਗਿੱਲ ਨੇ ਕੈਨੇਡਾ ਵਿਚ ਕੰਮ ਕਰਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਕੈਨੇਡਾ ਰਹਿੰਦੇ ਜਾਂ ਕੈਨੇਡਾ ਆਉਂਦੇ-ਜਾਂਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਾਂ ਫੌਜੀ ਅਫਸਰਾਂ ਦੀ ਸੂਚੀ ਬਣਾ ਕੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਪਬਲਿਕ ਸੇਫਟੀ ਮੰਤਰਾਲੇ ਨੂੰ ਸੌਂਪਣ, ਜਿਨ੍ਹਾਂ ਅਧਿਕਾਰੀਆਂ ਦੇ ਹੱਥ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਪੁਲਿਸ ਵੱਲੋਂ ਜਾਰੀ ਲੋੜੀਂਦੀ ਸੂਚੀ 'ਚ ਦੋ ਪੰਜਾਬੀ ਸੱਤਪਾਲ ਝੱਟੂ ਅਤੇ ਰਾਜੇਸ਼ ਕੁਮਾਰ ਕਲੇਰ ਸ਼ਾਮਿਲ ਹਨ।
No comments:
Post a Comment