ਨਵੀਂ ਦਿੱਲੀ, 30 ਅਗਸਤ (ਜਗਤਾਰ ਸਿੰਘ)-ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਇਕ ਪੱਤਰ ਲਿਖ ਕੇ ਅਨੰਦ ਮੈਰਿਜ ਐਕਟ ਮਾਮਲੇ ਵਿਚ ਠੀਕ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ। ਪੱਤਰ ਵਿਚ ਸ੍ਰੀ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਖ਼ਬਾਰ ਦੀ ਖ਼ਬਰ ਰਾਹੀਂ ਪੱਤਾ ਚੱਲਿਆ ਹੈ ਕਿ ਕਾਨੂੰਨ ਮੰਤਰਾਲਾ ਅਨੰਦ ਮੈਰਿਜ ਐਕਟ 1909 ਵਿਚ ਸੋਧ ਕਰਨ ਦੀ ਤਜਵੀਜ਼ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੰਤਰੀ ਦੇ ਇਲਾਵਾ ਘੱਟ-ਗਿਣਤੀ ਕੌਮਾਂ ਦੇ ਮਾਮਲਿਆਂ ਦੇ ਮੰਤਰੀ ਹੋਣ ਕਾਰਨ ਸ੍ਰੀ ਸਲਮਾਨ ਖੁਰਸ਼ੀਦ ਨੂੰ ਇਸ ਮਾਮਲੇ ਵਿਚ ਸਿੱਖਾਂ ਦੇ ਅਧਿਕਾਰ ਦੀ ਰੱਖਿਆ ਦਾ ਪੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮੰਗ ਅਨੰਦ ਮੈਰਿਜ ਬਣਾਉਣ ਦੀ ਨਹੀਂ ਕਿਉਂਕਿ ਇਹ ਤਾਂ ਬਹੁਤ ਪਹਿਲਾਂ ਹੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਗ ਤਾਂ ਸਿਰਫ਼ ਇਸ ਐਕਟ ਅਧੀਨ ਵਿਆਹ ਕਰਵਾਉਣ ਵਾਲੇ ਜੋੜੇ ਲਈ ਵੱਖਰੇ ਰਜਿਸਟ੍ਰੇਸ਼ਨ ਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖੁਰਸ਼ੀਦ ਤੋਂ ਪਹਿਲਾਂ ਦੇ ਕਾਨੂੰਨ ਮੰਤਰੀ ਸ੍ਰੀ ਐਚ.ਆਰ. ਭਾਰਦਵਾਜ ਅਤੇ ਡਾ: ਵੀਰੱਪਾ ਮੋਇਲੀ ਇਸ ਸੋਧੇ ਹੋਏ ਬਿਲ ਨੂੰ ਸੰਸਦ ਵਿਚ ਲਿਆਉਣ ਦਾ ਭਰੋਸਾ ਦੇ ਚੁੱਕੇ ਹਨ ਅਤੇ ਕਾਨੂੰਨ ਤੇ ਨਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ 4 ਦਸੰਬਰ 2007 ਨੂੰ ਪੂਰਨ-ਸਹਿਮਤੀ ਨਾਲ ਇਸ ਤਜਵੀਜ਼ ਨੂੰ ਪਾਸ ਕੀਤਾ ਸੀ।
No comments:
Post a Comment