ਰੋਮ ਸ਼ਹਿਰ ਵਿਚ ਪੈ ਰਹੀ ਬਰਫ਼ਬਾਰੀ ਅਤੇ ਰੋਮ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੀਆਂ ਰੇਲ ਗੱਡੀਆਂ ਦਿਖਾਈ ਦੇ ਰਹੀਆਂ ਹਨ।
ਰੋਮ (ਇਟਲੀ) 7 ਫਰਵਰੀ - ਜਿਥੇ ਪੂਰੇ ਯੂਰਪ ਦਾ ਠੰਢ ਨੇ ਬੁਰਾ ਹਾਲ ਕੀਤਾ ਹੋਇਆ ਹੈ, ਉਥੇ ਇਟਲੀ ਇਸ ਦੀ ਲਪੇਟ ਵਿਚ ਆਇਆ ਹੋਇਆ ਚੰਗੀ ਤਰ੍ਹਾਂ ਨਜ਼ਰ ਆਉਂਦਾ ਹੈ। ਇਕ ਪਾਸੇ ਠੰਢ ਨੇ ਵੱਟ ਕੱਢੇ ਹੋਏ ਹਨ, ਦੂਜੇ ਪਾਸੇ ਕਈ ਸਟੇਟਾਂ ਵਿਚ ਬਿਜਲੀ ਵੀ ਪਿਛਲੇ ਤਿੰਨ ਦਿਨਾਂ ਤੋਂ ਗੁਲ ਹੈ। ਦੂਜੇ ਪਾਸੇ ਈਰਾਨ ਅਤੇ ਰੂਸ ਵੱਲੋਂ ਗੈਸ ਦੀ ਸਪਲਾਈ ਰੋਕੇ ਜਾਣ ਕਰਕੇ ਰਸੋਈ ਗੈਸ ਦਾ ਵੀ ਇਟਲੀ ਵਿਚ ਸੰਕਟ ਗੰਭੀਰ ਹੋਇਆ ਪਿਆ ਹੈ, ਜਿਸ ਨਾਲ ਇਟਲੀ ਦੇ ਲਗਭਗ ਇਕ ਲੱਖ ਬਾਰਾਂ ਹਜ਼ਾਰ ਘਰ ਪ੍ਰਭਾਵਿਤ ਹੋ ਸਕਦੇ ਹਨ। ਇਟਲੀ ਵਿਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਫ ਨੇ ਪੂਰੇ ਇਟਲੀ 'ਤੇ ਇਕ ਚਿੱਟੀ ਚਾਦਰ ਦੀ ਪਰਤ ਪਾ ਦਿੱਤੀ ਹੈ। ਅੱਜ ਸਰਕਾਰ ਨੇ ਇਕ ਹਫਤੇ ਲਈ ਐਮਰਜੈਂਸੀ ਦਾ ਸਰਕਾਰੀ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ ਅਤੇ ਕੁਝ ਕੁ ਖਾਸ ਸਰਕਾਰੀ ਅਦਾਰੇ ਹੀ ਖੁੱਲ੍ਹੇ ਰਹਿਣਗੇ, ਰੇਲ ਆਵਾਜਾਈ ਦੀਆਂ ਵੀ 60 ਪ੍ਰਤੀਸ਼ਤ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਲ ਤੇ ਹੋਰ ਲੰਬੇ ਰੂਟ ਦੀ ਬੱਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਰਬੀਨੇ ਵਿਚ ਬੀਤੇ ਦਿਨੀਂ ਹੋਈ ਬਰਫਬਾਰੀ ਨਾਲ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬਰਫ ਨਾਲ ਢਕੀਆਂ ਗਈਆਂ ਅਤੇ ਲੋਕ ਘਰਾਂ ਵਿਚ ਫਸ ਗਏ। ਇਕ ਮੀਟਰ ਦੇ ਕਰੀਬ ਹੋਈ ਬਰਫਬਾਰੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਕੜਾਕੇ ਦੀ ਠੰਢ ਕਾਰਨ ਇਟਲੀ ਵਿਚ ਤਕਰੀਬਨ 25 ਵਿਅਕਤੀਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ, ਜਿਸ ਤਹਿਤ ਸੱਤ ਵਿਅਕਤੀ ਇਕੱਲੇ ਰੋਮ ਵਿਚ ਹੀ ਠੰਢ ਨਾਲ ਮਰ ਗਏ। ਅਗਲੇ 24 ਤੋਂ 36 ਘੰਟਿਆਂ ਦੌਰਾਨ ਏਮੀਲੀਆ ਰੋਮਾਨਾ, ਮਾਰਕੇ, ਉਮਬਰੀਆ, ਆਬਰੂਸੋ, ਮੋਲੀਸੇ, ਕੰਪਾਨੀਆ, ਤੋਸਕਾਨਾ, ਲਾਸੀਉ ਦੇ ਮੱਧ ਭਾਗ ਵਿਚ ਖਰਾਬ ਮੌਸਮੀ ਐਮਰਜੈਂਸੀ ਦੀ ਘੋਸ਼ਣਾ ਮੁੜ ਕੀਤੀ ਗਈ ਹੈ। ਰੋਮ ਸ਼ਹਿਰ ਦੇ ਮੇਅਰ ਅਤੇ ਵਿੱਤ ਮੰਤਰੀ ਕੋਰਾਦੋ ਪਾਸੇਰਾ ਵੱਲੋਂ ਜਾਰੀ ਕੀਤੀ ਗਈ ਸੰਕਟਕਾਲੀਨ ਸਥਿਤੀ ਦੌਰਾਨ ਸ਼ਹਿਰ ਵਾਸੀਆਂ ਤੋਂ ਹਰ ਤਰ੍ਹਾਂ ਦੀ ਸਰਕਾਰ ਨੂੰ ਲੋੜੀਂਦੀ ਮਦਦ ਦੀ ਆਸ ਕੀਤੀ ਗਈ ਹੈ।
No comments:
Post a Comment