ਸਰੀ, 24 ਜੁਲਾਈ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-97 ਵਰ੍ਹੇ ਪਹਿਲਾਂ 23 ਜੁਲਾਈ 1914 ਈ: ਨੂੰ, ਵੈਨਕੂਵਰ ਬੰਦਰਗਾਹ ਤੋਂ ਵਾਪਸ ਮੋੜੇ ਗਏ ਜਾਪਾਨੀ ਸਮੁੰਦਰੀ ਬੇੜੇ 'ਕਾਮਾਗਾਟਾਮਾਰੂ' ਬਨਾਮ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਨੂੰ ਯਾਦ ਕਰਦਿਆਂ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਵੱਲੋਂ ਸਰੀ ਦੀ ਬੇਅਰ ਕਰੀਕ ਪਾਰਕ ਵਿਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੰਸਥਾ ਦੇ ਨੁਮਾਇੰਦੇ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੌਜੂਦਾ ਸਮੇਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਰੀ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਪਾਰਲੀਮੈਂਟ 'ਚ ਉਕਤ ਦੁਖਾਂਤ ਲਈ, ਮੁਆਫ਼ੀ ਮੰਗੇ ਜਾਣ ਲਈ ਆਵਾਜ਼ ਬੁਲੰਦ ਕਰਨਗੇ। ਲਿਬਰਲ ਪਾਰਟੀ ਦੇ ਸਾਬਕਾ ਐਮ. ਪੀ. ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਕਾਰਜਕਾਲ 'ਚ ਸਾਂਸਦ ਅੰਦਰ ਮੁਆਫ਼ੀ ਲਈ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਹੈ ਤੇ ਉਦੋਂ ਤੱਕ ਇਹ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਅਜਿਹਾ ਕਰਨ ਲਈ ਤਿਆਰ ਨਹੀਂ ਹੋ ਜਾਂਦੀ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਥਿੰਦ ਨੇ ਦੁਹਰਾਇਆ ਕਿ ਮੁਆਫ਼ੀ ਸਬੰਧੀ ਪਟੀਸ਼ਨਾਂ ਦੇਸ਼ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਅੱਗੇ ਵਾਂਗ ਤਿਆਰ ਕਰਵਾ ਕੇ ਕੈਨੇਡਾ ਦੀ ਸੰਸਦ 'ਚ ਭੇਜੀਆਂ ਜਾਣਗੀਆਂ। ਇਸ ਮੌਕੇ 'ਤੇ ਕਾਮਾਗਾਟਾਮਾਰੂ ਸਵਾਰਾਂ ਦੇ ਪਰਿਵਾਰਾਂ ਦੀ ਸੰਸਥਾ ਦੇ ਆਗੂ ਰਾਜ ਤੂਰ, ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਪ੍ਰਧਾਨ ਪ੍ਰੇਮ ਸਿੰਘ ਬਿਨਿੰਗ, ਉੱਘੀ ਗਾਇਕਾ ਸੁੱਖੀ ਬਰਾੜ, ਤਰਨਜੀਤ ਬੈਂਸ, ਕਿਰਨਪਾਲ ਸਿੰਘ ਗਰੇਵਾਲ, ਸਰਬਜੀਤ ਥਿੰਦ, ਪ੍ਰੋ: ਸੀ. ਜੇ. ਸਿੱਧੂ, ਸਰਬਜੀਤ ਸਿੰਘ ਗਿੱਲ, ਵਿਸ਼ਾਲ ਸਿੰਘ ਥਿੰਦ, ਅਮਨਪ੍ਰੀਤ ਗਿੱਲ ਅਤੇ ਰਾਜਪੱਤਾ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ ਤੇ ਸੰਸਥਾ ਦੇ ਮੈਂਬਰ ਸੁਖਵਿੰਦਰ ਸਿੰਘ ਚੀਮਾ ਵੱਲੋਂ ਸਟੇਜ ਦੀ ਕਾਰਵਾਈ ਨਿਭਾਈ ਗਈ।
No comments:
Post a Comment