ਸਰੀ, 24 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੀ ਪਾਰਲੀਮੈਂਟ 'ਚ ਧੜੱਲੇਦਾਰ ਸਾਂਸਦ ਵਜੋਂ ਜਾਣੇ ਜਾਂਦੇ ਸਾਬਕਾ ਐਮ. ਪੀ. ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਦੇ ਘਰ ਹੋਇਆ ਸਿਆਸੀ ਇਕੱਠ ਉਸ ਵੇਲੇ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ, ਜਦੋਂ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੇ ਉੱਥੇ ਪਹੁੰਚ ਕੇ ਸ: ਧਾਲੀਵਾਲ ਵੱਲੋਂ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਆਪਣੇ ਸੰਬੋਧਨ 'ਚ ਮੁੱਖ ਮੰਤਰੀ ਨੇ ਸੁੱਖ ਧਾਲੀਵਾਲ ਨੂੰ ਲੋਕਾਂ ਦੀ ਆਵਾਜ਼, ਨਿੱਡਰ ਆਗੂ ਅਤੇ ਸੱਚਾ-ਸੁੱਚਾ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਉਨ੍ਹਾਂ ਨੂੰ ਮੂੰਹ ਮੰਗੀ ਪਦਵੀ ਦੇਣ ਲਈ ਤਿਆਰ ਹੈ। ਇਸ ਦੌਰਾਨ ਸ: ਧਾਲੀਵਾਲ ਨੇ ਜਿਥੇ ਪ੍ਰੀਮੀਅਰ ਕ੍ਰਿਸਟੀ ਕਲਾਰਕ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ, ਉਥੇ ਲੋਕਾਂ ਵੱਲੋਂ ਮਿਲੇ ਪਿਆਰ ਨੂੰ ਸਭ ਤੋਂ ਵੱਡਾ ਰੁਤਬਾ ਦੱਸਦਿਆਂ ਹਮੇਸ਼ਾ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ। ਇਸ ਇਕੱਤਰਤਾ 'ਚ ਸੂਬੇ ਦੇ ਕਈ ਵਿਧਾਇਕ, ਫੈਡਰਲ ਤੇ ਮਿਊਂਸਪਲ ਰਾਜਨੀਤੀ ਦੇ ਥੰਮ੍ਹ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ, ਸੱਭਿਆਚਾਰਕ ਅਤੇ ਖੇਡ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਤੇ ਪੰਜਾਬ ਤੋਂ ਪੁੱਜੀਆਂ ਸਿਆਸੀ ਹਸਤੀਆਂ ਵੀ ਸ਼ਾਮਿਲ ਹੋਈਆਂ।
No comments:
Post a Comment