News, Views and Information about NRIs.

A NRI Sabha of Canada's trusted source of News & Views for NRIs around the World.



October 19, 2011

ਵਿਆਹ ਕਰਵਾ ਕੇ ਕੈਨੇਡਾ ਪੁੱਜੀ ਮੁਟਿਆਰ ਵੱਲੋਂ ਪਤੀ ਨਾਲ ਧੋਖਾ

ਦਾਦੇ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਟੋਰਾਂਟੋ ਉਡਾਰੀ ਮਾਰੀ

ਐਡਮਿੰਟਨ, 19 ਅਕਤੂਬਰ (ਵਤਨਦੀਪ ਸਿੰਘ ਗਰੇਵਾਲ)-ਕਾਨੂੰਨੀ, ਗੈਰ ਕਾਨੂੰਨੀ ਢੰਗਾਂ ਨਾਲ ਵਿਦੇਸ਼ ਜਾਣ ਦੀ ਲਾਲਸਾ ਅਜੋਕੀ ਨੌਜਵਾਨ ਪੀੜ੍ਹੀ ਦੀ ੳਸਾਰੂ ਸੋਚ ਨੂੰ ਖੁੰਢਾ ਕਰ ਰਹੀ ਹੈ ਪਰ ਵਿਆਹ ਰਚਾ ਕੇ ਵਿਦੇਸ਼ ਪੁੱਜਣ ਉਪਰੰਤ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਕੇ ਫਰਾਰ ਹੋਣ ਪਿੱਛੇ ਸਿਰਫ਼ ਨੌਜਵਾਨ ਲੜਕੇ-ਲੜਕੀਆਂ ਹੀ ਦੋਸ਼ੀ ਨਹੀਂ ਸਗੋਂ ਇਸ ਵਿਚ ਮਾਂ-ਬਾਪ ਵੀ ਬਰਾਬਰ ਦੇ ਭਾਈਵਾਲ ਹਨ। ਅਜਿਹੀ ਹੀ ਘਟਨਾ ਪੰਜਾਬ ਤੋਂ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਪਿੰਡ ਲੋਪੋ ਦੇ 30 ਸਾਲਾ ਨੌਜਵਾਨ ਰਵਿੰਦਰ ਸਿੰਘ ਰਵੀ ਨਾਲ ਵਾਪਰੀ ਜੋ ਆਪਣੇ ਪਰਿਵਾਰ ਨਾਲ ਐਡਮਿੰਟਨ ਵਿਖੇ ਰਹਿ ਰਿਹਾ ਹੈ। ਬਿਨ੍ਹਾਂ ਦਾਜ-ਦਹੇਜ ਦੇ ਸਿਰਫ਼ ਖੂਬਸੂਰਤੀ ਤੇ ਪੜ੍ਹਾਈ ਲਿਖਾਈ ਨੂੰ ਦੇਖਦਿਆਂ ਇਸ ਦਾ ਵਿਆਹ 22 ਫਰਵਰੀ, 2009 ਨੂੰ ਲੁਧਿਆਣਾ ਜ਼ਿਲ੍ਹੇ ਦੇ ਬੇਟ 'ਚ ਪੈਂਦੇ ਪਿੰਡ ਵਲੀਪੁਰ ਖੁਰਦ ਦੇ ਸ: ਬੇਅੰਤ ਸਿੰਘ ਕੁੱਕੂ ਦੀ ਲੜਕੀ ਅਮਨਪ੍ਰੀਤ ਕੌਰ ਨਾਲ ਹੋ ਗਿਆ। ਵਿਆਹ ਤੋਂ ਤਕਰੀਬਨ 13 ਮਹੀਨੇ ਬਾਅਦ ਅਮਨਪ੍ਰੀਤ ਐਡਮਿੰਟਨ ਵਿਖੇ ਆਪਣੇ ਸਹੁਰੇ ਪਰਿਵਾਰ ਕੋਲ ਪੁੱਜ ਗਈ। ਰਵੀ ਦੇ ਦੱਸਣ ਮੁਤਾਬਿਕ ਦੋਹਾਂ ਦੀ ਜ਼ਿੰਦਗੀ ਬੜੀ ਖ਼ੁਸ਼ੀ-ਖ਼ੁਸ਼ੀ ਬੀਤ ਰਹੀ ਸੀ ਪਰ 5 ਕੁ ਮਹੀਨੇ ਬਾਅਦ ਪੀ. ਆਰ. ਕਾਰਡ ਮਿਲਦਿਆਂ ਹੀ ਉਸ ਦੀ ਪਤਨੀ ਦੇ ਤੇਵਰ ਅਚਾਨਕ ਬਦਲਣ ਲੱਗੇ। ਉਸ ਨੇ ਦੱਸਿਆ ਕਿ ਇਸ ਸਾਜ਼ਿਸ਼ ਦਾ ਪਤਾ ਉਦੋਂ ਲੱਗਾ ਜਦੋਂ ਉਸਦੀ ਪਤਨੀ ਆਪਣੇ ਦਾਦੇ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਟੋਰਾਂਟੋ ਉਡਾਰੀ ਮਾਰ ਗਈ। ਉਸਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਇਸ ਸਬੰਧ ਵਿਚ ਟੋਰਾਂਟੋ ਰਹਿੰਦੇ ਪਤਨੀ ਦੇ ਦਾਦਾ-ਦਾਦੀ ਤੇ ਭੂਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਾ ਦਿੰਦਿਆਂ ਇਹ ਕਹਿ ਦਿੱਤਾ ਕਿ ਜਿੱਥੇ ਅਮਨ ਦਾ ਦਿਲ ਕਰੇਗਾ ਉਥੇ ਵਿਆਹ ਕਰਾ ਕੇ ਰਹੇਗੀ। ਰਵੀ ਨੇ ਆਪਣੀ ਪਤਨੀ ਦੇ ਟੋਰਾਂਟੋ ਸਟੱਡੀ ਵੀਜ਼ੇ 'ਤੇ ਆਏ ਨਾਲ ਦੇ ਪਿੰਡ ਦੇ ਲੜਕੇ ਨਾਲ ਸਬੰਧਾਂ ਦੀਆਂ ਤਸਵੀਰਾਂ ਦਿਖਾਉਦਿਆਂ ਕਿਹਾ ਕਿ ਇਹਨਾਂ ਸਬੰਧਾਂ ਬਾਰੇ ਪੂਰੇ ਪਰਿਵਾਰ ਨੂੰ ਪਤਾ ਸੀ, ਇਹ ਸਭ ਪਰਿਵਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਉਸ ਨੇ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਅਤੇ ਐਨ. ਆਰ. ਆਈ. ਥਾਣੇ ਵਿਚ ਲਿਖਤੀ ਸ਼ਿਕਾਇਤ ਰਾਹੀਂ ਲੜਕੀ ਖਿਲਾਫ਼ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ।