News, Views and Information about NRIs.

A NRI Sabha of Canada's trusted source of News & Views for NRIs around the World.



February 25, 2013

ਮਨ ਪਰਦੇਸੀ ਜੇ ਥੀੲ

ਕਿਸੇ ਖਿੱਤੇ ਦੀ ਜ਼ਮੀਨ, ਕਿਸੇ ਚੌਗਿਰਦੇ 'ਚ ਵਗਦੀ ਹਵਾ-ਪਾਣੀ ਤੇ ਪਲਰਦੀਆਂ ਫ਼ਸਲਾਂ ਉਥੋਂ ਦੇ ਵਾਸੀਆਂ ਦੀਆਂ ਸੋਚਾਂ ਪਾਲਦੇ-ਢਾਲਦੇ ਤੇ ਉਸਾਰਦੇ ਰਹੇ ਹਨ ਪਰ ਜਦੋਂ ਜਰਬ ਤਕਸੀਮ ਹੁੰਦੇ, ਉਹੀ ਖੇਤ ਭੀੜੇ ਹੋ ਜਾਣ, ਖੜ੍ਹੀਆਂ ਫਸਲਾਂ ਸਮੇਂ ਦੀ ਮਾਰ ਨਾ ਝੱਲਦੀਆਂ ਸਿਰ ਸੁੱਟ ਜਾਣ, ਮੁਰਝਾ ਜਾਣ ਜਾਂ ਬੀਜਣ ਵਾਲਿਆਂ ਦੀ ਭੁੱਖ ਦਾ ਸਿਰ ਪਲੋਸਣ ਤੋਂ ਬੇਵੱਸ ਹੋ ਜਾਣ ਤਾਂ ਉਸ ਧਰਤੀ ਦੇ ਬਸ਼ਿੰਦੇ ਆਪਣੀਆਂ ਊਣੀਆਂ ਝੋਲੀਆਂ ਪੁਰ ਕਰਨ ਲਈ ਅੱਕੀਂ ਪਲਾਹੀਂ ਹੱਥ ਮਾਰਦੇ ਹੋਰਨਾਂ ਧਰਤੀਆਂ ਵੱਲ ਅਹੁਲਦੇ ਹਨ। ਲੋੜਾਂ ਥੋੜਾਂ ਦੀਆਂ ਖੱਡਾਂ ਮੁੰਦਦਿਆਂ ਗਰਜਾਂ ਦੇ ਮੇਚਦਾ ਹੋ ਕੇ ਖੜ੍ਹਦਿਆਂ ਜਾਂ ਸੁਪਨਿਆਂ ਦਾ ਸਿਰ ਪਲੋਸਦਿਆਂ ਲੋਕ ਇਕ ਖਿੱਤੇ ਤੋਂ ਦੂਜੇ ਵੱਲ ਸਰਕਦੇ ਹਨ। ਪਿੰਡ ਦੀਆਂ ਜੂਹਾਂ ਟੱਪਦੇ ਹਨ, ਸੁਪਨਿਆਂ ਨਾਲ ਸਜਾਏ ਸ਼ਹਿਰ ਲੰਘਦੇ ਹਨ ਤੇ ਫਿਰ ਕਦੇ ਦੇਸ਼ ਨੂੰ ਹੀ ਅਲਵਿਦਾ ਆਖਦੇ ਸਰਹੱਦਾਂ ਟੱਪ ਜਾਂਦੇ ਹਨ। ਪੰਜਾਬ ਦੀ ਧਰਤੀ ਨੂੰ ਆਖਰੀ ਸਲਾਮ ਆਖਦਿਆਂ ਹੀ ਕਈ ਮਨਾਂ ਅੰਦਰ ਸ਼ੂਕਦੇ ਦਰਿਆਵਾਂ ਵਰਗੀ ਖੁਸ਼ੀ ਇਸ ਰੀਝ ਨੂੰ ਜਨਮਦੀ ਹੈ ਕਿ ਅਸੀਂ ਤਾਰਿਆਂ ਦੀ ਧਰਤੀ ਵੱਲ ਜਾ ਰਹੇ ਹਾਂ। ਮਿੱਟੀ, ਘੱਟੇ, ਧੂੜ, ਸ਼ੋਰ-ਸ਼ਰਾਬੇ ਤੋਂ ਦੂਰ ਭੱਜਣ ਨੂੰ ਮਨ ਸੱਚ ਹੀ ਵਿਆਕੁਲ ਹੋ ਉਠਦਾ ਹੋਵੇਗਾ। ਇਥੋਂ ਤੁਰਨ ਵੇਲੇ ਇਹ ਥਾਂ ਭੀੜੀ-ਭੀੜੀ ਲਗਦੀ ਹੈ। ਸੀਨੇ ਵਿਚ ਸਰਕਦੇ ਸੁਪਨਿਆਂ ਨੂੰ ਮੋਕਲੀ ਥਾਂ ਲਈ ਪੈਂਦੀ ਦੱਸ ਹਾਕ ਮਾਰਦੀ ਹੈ। ਜਿਥੇ ਕਲਮਨੋਕ 'ਤੇ ਵੀ ਸੰਗੀਨਾਂ ਦੇ ਪਹਿਰੇ ਨਾ ਹੋਣ, ਜਿਥੇ ਨਿਆਂ ਵੱਲ ਝਾਕਦੀ ਕਿਸੇ ਫਰਿਆਦੀ ਦੀ ਫਾਈਲ ਊਠ ਦਾ ਬੁੱਲ੍ਹ ਡਿੱਗਣ ਵਾਲੀ ਜੂਨ ਨਾ ਭੋਗਦੀ ਹੋਵੇ। ਬਿਨਾਂ ਕਿਸੇ ਅਨੁਸ਼ਾਸਨ, ਬਿਨਾਂ ਪਾਬੰਦੀ ਅਤੇ ਲਾ-ਇਲਾਜੀ ਨਾਲ ਜੂਝਦਿਆਂ ਹਰ ਮਨੁੱਖ ਦੀ ਇਹ ਇੱਛਾ ਰਹੀ ਹੋਵੇਗੀ ਕਿ ਨਵੀਂ ਧਰਤੀ 'ਤੇ ਨਵੇਂ ਰਾਹ ਉਲੀਕਦਿਆਂ ਜ਼ਿੰਦਗੀ ਨੂੰ ਮੁੜ ਵਿਉਂਤ ਲੈਣ ਦਾ ਮੌਕਾ ਪ੍ਰਾਪਤ ਕੀਤਾ ਜਾਵੇ, ਜਿਥੇ ਇਸ ਦੇਹੀ ਦੇ ਪੂਰੀ ਤਾਣ ਨਾਲ ਦੁਨੀਆ ਭਰ ਦੀਆਂ ਖੁਸ਼ੀਆਂ ਇਕੱਤਰ ਕਰਕੇ ਮਨ ਅੰਦਰ ਪਸਰੀ ਭੁੱਖ ਨੂੰ ਤ੍ਰਿਪਤ ਕਰਨ ਦਾ ਹੀਲਾ ਜੁਟਾਇਆ ਜਾਵੇ, ਕਈ ਵਸਤਾਂ ਤੋਂ ਸੱਖਣੇ ਘਰਾਂ ਵਿਚ ਪਲਦਿਆਂ ਅੰਦਰਲੇ ਤਰਸੇਵੇਂ ਦਾ ਸਿਰ ਪਲੋਸਿਆ ਜਾਵੇ। ਉਸ ਸਮੇਂ ਪਰਾਈ ਧਰਤੀ ਵੱਲ ਤਾਂਘ ਅਤੇ ਇਹ ਤਰਸੇਵਾਂ ਏਨਾ ਮੂੰਹ ਜ਼ੋਰ ਹੋ ਖੜ੍ਹਦਾ ਹੈ ਕਿ ਗੱਲ ਲਗਭਗ ਵਿਛੜਦੇ ਸਭ ਰਿਸ਼ਤਿਆਂ ਨੂੰ ਅੰਦਰਲੀ ਕਾਹਲ ਲਾਹ-ਲਾਹ ਸੁੱਟ ਜਾਂਦੀ ਹੈ। ਜਿਹੜੇ ਅਜਿਹੀ ਪ੍ਰਾਪਤੀ ਤੱਕ ਨਹੀਂ ਪੁੱਜ ਸਕਦੇ, ਉਹ ਉਸ ਨਾਲ ਜਾਂ ਈਰਖਾ ਕਰਦੇ ਹਨ ਜਾਂ ਰਸ਼ਕ ਕਰਦੇ ਵਿਥ 'ਤੇ ਖੜ੍ਹੋ ਜਾਂਦੇ ਨੇ। ਫਿਰ ਓਪਰੀਆਂ ਧਰਤੀਆਂ ਤੋਂ ਪਰਤੇ ਲੋਕਾਂ ਮੂੰਹੋਂ ਦੱਸੀਆਂ ਪਰਚਾਰੀਆਂ ਗੱਲਾਂ ਤੋਂ ਦੂਰ ਵਸਦੀ ਧਰਤੀ ਦਾ ਕਿਆਸ ਪਲਦਾ ਹੈ। ਹਰਚੰਦ ਸਿੰਘ ਬਾਗੜੀ ਦੀਆਂ ਸਤਰਾਂ ਇਥੇ ਪੁਸ਼ਟੀ ਕਰਦੀਆਂ ਹਨ:-
ਕਰਕੇ ਸ਼ੌਪਿੰਗ ਵੀਜ਼ੇ 'ਤੇ
ਅਸੀਂ ਵਤਨੀ ਗੇੜਾ ਲਾਨੇ ਹਾਂ,
ਸਾਨੂੰ ਪੱਟਿਆ ਹੋਰਾਂ ਨੇ
ਅਸੀਂ ਹੋਰਾਂ ਨੂੰ ਪੱਟ ਜਾਨੇ ਆਂ।
ਆਪਣੇ ਪੇਟ ਨੂੰ ਦੇ ਗੰਢਾਂ
ਚੰਦ ਪੇਟ ਹੋਰਾਂ ਦਾ ਭਰਦੇ ਹਾਂ,
ਨਾ ਪੁੱਛ ਕੈਨੇਡਾ ਵਿਚ
ਯਾਰਾ ਅਸੀਂ ਕਿਵੇਂ ਗੁਜ਼ਾਰਾ ਕਰਦੇ ਹਾਂ।
ਪਰ ਗੌਲਣ ਵਾਲਾ ਨੁਕਤਾ ਇਹ ਹੈ ਕਿ ਦੋਵਾਂ ਅੰਦਰ ਹੀ ਇਕ ਖਲਾਅ ਪਲਦਾ ਹੈ। ਏਧਰਲਿਆਂ ਅੰਦਰ ਉਸ ਅਪ੍ਰਾਪਤ ਸੰਸਾਰ ਨੂੰ ਵੇਖਣ ਨੂੰ ਜੀ ਭਰਮਾਉਂਦਾ ਹੈ। ਉਧਰ ਵਸਦਿਆਂ ਅੰਦਰ ਇਥੋਂ ਮਨਫ਼ੀ ਹੋ ਜਾਣ ਦਾ ਖਦਸ਼ਾ, ਤੇਰ-ਮੇਰ ਵਾਲੇ ਦਾਅਵੇ ਦੇ ਹੂੰਝੇ ਜਾਣ ਦਾ ਝੋਰਾ ਸਿਰ ਚੁੱਕਦਾ ਹੈ। ਪੰਜਾਬ ਬੈਠਿਆਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਦੂਰ ਵਸਦਾ ਸੰਸਾਰ ਹੈ। ਪਰੀ ਕਥਾ ਵਰਗਾ, ਮੁਹੱਬਤੀ ਖਤਾਂ ਦੇ ਪੜ੍ਹਨ ਵਰਗਾ ਜਾਂ ਰੱਜ ਕੇ ਮਾਣੇ ਸਾਹਾਂ ਦੇ ਸਾਥ ਵਰਗਾ, ਜਿਸ ਨੂੰ ਵੇਖਣ ਨੂੰ, ਵਰਤਣ ਨੂੰ ਅਤੇ ਵਸਣ ਲਈ ਮਨ ਤਾਂਘਦਾ ਹੈ। ਹੋਰਨਾਂ ਤੋਂ ਕਾਤਰਾਂ ਵਿਚ ਸੁਣੀਆਂ ਜ਼ਿੰਦਗੀ ਦੀਆਂ ਸਭ ਟਾਕੀਆਂ ਸਿਉਂ ਕੇ ਬਣਾਈ ਵਧੀਆ ਜ਼ਿੰਦਗੀ, ਸੁਪਨਿਆਂ ਵਿਚ ਪੁੰਗਰਦੀ ਹੈ। ਥੋੜ੍ਹੀ ਸਮਾਈ ਕਰਕੇ ਵੇਖੀਏ ਤਾਂ ਸਮਾਜ ਦੇ ਝੱਗੇ 'ਤੇ ਲੱਗੀਆਂ ਜੇਬਾਂ ਵਰਗੇ ਬੰਦੇ ਹਰ ਥਾਂ ਹੀ ਹੁੰਦੇ ਹਨ। ਉਹ ਉਥੇ ਵੀ ਹਨ, ਇਥੇ ਵੀ ਹਨ। ਮੈਨੂੰ ਇਨ੍ਹਾਂ ਵਿੱਥਾਂ ਨੂੰ ਗੌਲਣ ਦਾ ਕਈ ਵਾਰ ਮੌਕਾ ਮਿਲਿਆ ਹੈ। ਕਹਿੰਦੇ ਹਨ ਜਿਹੜੇ ਲਾਹੌਰ ਕਮਲੇ ਸੀ, ਇਧਰ ਵੀ ਕਮਲੇ ਈ ਹਨ। ਭਲਾ ਥਾਂ ਬਦਲਣ ਨਾਲ ਮਨ, ਸੁਭਾਅ, ਆਦਤਾਂ, ਬਚਪਨ ਹੰਢਾਇਆ ਅਹਿਸਾਸ, ਸੀਨੇ ਵਿਚ ਸਮੋਈਆਂ ਯਾਦਾਂ ਥੋੜ੍ਹੋ ਤਬਦੀਲ ਹੋ ਸਕਦੀਆਂ ਹਨ। ਪਿਆਰ, ਮੋਹ-ਤ੍ਰੇਹ, ਮਮਤਾ ਭਰਿਆ ਮਨ ਉਹ ਵੀ ਰੱਖਦੇ ਹਨ, ਇਹ ਵੀ ਰੱਖਦੇ ਨੇ। ਲਾਲਸਾਵਾਂ ਦੀ ਉਂਗਲ ਫੜ ਕੇ ਉਹ ਵੀ ਰਿਸ਼ਤੇ ਮਧੋਲ ਸੁੱਟਦੇ ਨੇ, ਇਹ ਵੀ ਦਗਾ ਕਰ ਜਾਂਦੇ ਨੇ। ਫਿਰ ਦੂਰ ਖੜ੍ਹੋ ਕੇ ਤੋਹਮਤਾਂ, ਮੇਹਣੇ-ਤਾਅਨੇ ਦੇਣ ਨਾਲ ਕੁਝ ਵੀ ਹੱਥ ਨਹੀਂ ਲਗਦਾ। ਦੋਵਾਂ ਪਾਸਿਆਂ ਤੋਂ ਹੀ 'ਬੁਰੇ ਭਲੇ ਹਮ ਥਾਰੇ' ਤੱਕ ਪੁੱਜਣਾ ਪਏਗਾ। ਸੋ ਜੀਅ ਤਾਂ ਸਭ ਦਾ ਕਰਦਾ ਹੈ ਵੱਖ-ਵੱਖ ਥਾਂਵਾਂ 'ਤੇ ਵਸਦੇ ਸਭ ਪੰਜਾਬਾਂ ਨੂੰ ਖੁੰਗ ਕੇ ਨਾਲ ਲਾ ਜਾਈਏ ਜਾਂ ਦੋਵਾਂ ਥਾਂਵਾਂ 'ਤੇ ਵਸਦੇ ਲੋਕਾਂ ਨੂੰ ਵਟੇ-ਵਟਾ ਲਈਏ। ਪਰ ਇਹ ਹੋਣਾ ਸੰਭਵ ਨਹੀਂ। ਸੋ, ਆਪਾਂ ਦੋਵਾਂ ਥਾਂਵਾਂ ਦੀਆਂ ਵੱਖ-ਵੱਖ ਸਥਿਤੀਆਂ ਵਿਚ ਵਸਦੇ ਲੋਕਾਂ ਦੀਆਂ ਖਾਹਿਸ਼ਾਂ ਦਾ, ਸੁਪਨਿਆਂ ਦਾ ਜਾਂ ਸਾਂਝਾਂ ਦਾ ਤੇ ਹੋਈਆਂ-ਬੀਤੀਆਂ ਦਾ ਬਸ ਲੇਖਾ-ਜੋਖਾ ਜਿਹਾ ਹੀ ਪੇਸ਼ ਕਰ ਸਕਦੇ ਹਾਂ।
ਐਨਾ ਹੂਲਾ ਫਕ ਕੇ, ਜਾਨ ਜੋਖੋਂ ਵਿਚ ਪਾ ਕੇ, ਨਹੁੰ-ਮਾਸ ਵਰਗੇ ਰਿਸ਼ਤੇ ਵਖਰਾਅ ਕੇ ਜਦੋਂ ਬਿਗਾਨੇ ਮੁਲਕਾਂ ਦੀ ਮਸ਼ੀਨੀ ਜ਼ਿੰਦਗੀ ਦੇ ਪੁਰਜ਼ਿਆਂ ਨਾਲ ਆਪਣਾ-ਆਪ ਤਰਾਸ਼ਦੇ ਲੋਕ ਅੰਦਰੋਂ ਊਣੇ-ਊਣੇ ਫਿਰਦੇ ਦਿਸਦੇ ਨੇ ਤਾਂ ਹੈਰਾਨੀ ਹੁੰਦੀ ਹੈ ਕਿ ਖੁਸ਼ੀ ਵਿਹਾਜਣ ਗਏ, ਚੰਗੀਆਂ ਪੂਰੀਆਂ ਪਾ ਆਏ ਨੇ। ਵਸਤਾਂ ਨਾਲ ਝੋਲੀਆਂ ਭਰਦੇ ਰੂਹ ਵਿਚ ਮੋਰੀਆਂ ਕਰਵਾ ਆਏ ਨੇ। ਫਿਰ ਇਹ ਲੋਕ ਉਥੋਂ ਦੇ ਕਾਇਦੇ-ਕਾਨੂੰਨ ਨੂੰ ਨਵਾਬੀ ਜੁੱਤੀ ਦੀ ਕੈਦ ਜਾਣਦੇ ਨੇ। ਇਹ ਲੋਕ ਨੁੱਚੜੇ ਜਿਹੇ, ਉਨੀਂਦਰੇ ਜਿਹੇ, ਅਤ੍ਰਿਪਤ ਜਿਹੇ ਤੇ ਰਸਹੀਣ ਜਿਹੇ ਹੋ ਜਾਂਦੇ ਨੇ। ਵੰਨ-ਸੁਵੰਨੀਆਂ ਵਸਤਾਂ ਜਾਂ ਸਾਮਾਨ ਨਾਲ ਤੁੰਨੇ ਘਰ ਉਨ੍ਹਾਂ ਦੀ ਤਸੱਲੀ ਦਾ ਦਮ ਨਹੀਂ ਭਰਦੇ। ਜਦੋਂ ਉਨ੍ਹਾਂ ਅੰਦਰ ਇਹ ਖਲਾਅ ਪਲਦਾ ਹੈ ਤਾਂ ਵਸਤਾਂ ਤੋਂ ਸੱਖਣੇ ਪਰ ਰਿਸ਼ਤੇ ਨਾਤਿਆਂ, ਸਕੀਰੀਆਂ ਨਾਲ ਭਰੇ-ਭੁਕੰਨੇ ਘਰਾਂ ਦੀਆਂ ਯਾਦਾਂ ਸਕੂਨ ਦਿੰਦੀਆਂ ਹਨ। ਫਿਰ ਖੇਤ ਦੀ ਵੱਟ 'ਤੇ ਬੈਠ, ਹੱਥ 'ਤੇ ਧਰ ਕੇ ਰੱਖੀ ਰੋਟੀ ਤੇ ਅੰਬ ਦੇ ਆਚਾਰ ਦੀ ਫਾੜੀ ਦਾ ਮਹਿਕ ਭਰਿਆ ਸਵਾਦ ਛੱਤੀ ਪਦਾਰਥ ਚੱਖੇ ਹੋਣ ਪਿੱਛੋਂ ਵੀ ਉਘੜ ਪੈਂਦਾ ਹੈ।
ਖੁਸ਼ੀ ਵਿਹਾਜਨ ਲਈ ਚਾਰਦੀਵਾਰੀ ਅੰਦਰ ਬੰਦ ਹੋਣਾ ਨਹੀਂ, ਸਗੋਂ ਹੋਰਨਾਂ ਕੋਲ ਨਿਰ-ਸਵਾਰਥ ਸਾਥ ਲੈ ਕੇ ਜਾਣਾ ਪੈਂਦਾ ਹੈ। ਜਿਥੇ ਰੂਹ ਸ਼ਾਂਤ ਹੋ ਸਕੇ, ਜਿਥੇ ਯਾਦਾਂ ਘਰ ਦੇ ਬਨੇਰਿਆਂ ਤੇ ਖਿਲਰੀ ਧੁੱਪ ਦੇ ਸੁਪਨੇ ਪਾਲ ਸਕਣ। ਅਜਿਹੇ ਅੰਤਲੇ ਪੜਾਅ 'ਤੇ ਹਰ ਕੋਈ ਆਪਣੇ ਅੰਦਰ ਲੱਗੀ ਉੱਲੀ ਨੂੰ ਲਾਹੁਣ ਲਈ ਹੀਲੇ ਜੋੜਦਾ ਹੈ। ਕਦੇ ਗੁਰਦੁਆਰੇ ਦੀ ਸੰਗਤ, ਕਦੇ ਮੇਲੇ ਦਾ ਹਿੱਸਾ, ਕਦੇ ਕਿਤੇ ਘਰ ਵਿਚਲੀ ਰੌਣਕ ਦਾ ਟੋਟਾ ਬਣਦਾ ਖੁਸ਼ੀਆਂ ਨੂੰ ਪੌੜੀ ਲਾਉਣ ਦੇ ਬਹਾਨੇ ਘੜਦਾ ਹੈ। ਉਮਰਾਂ ਸਿਰੋਂ ਲੰਘੀਆਂ ਧੁੱਪਾਂ-ਛਾਵਾਂ ਸੱਜਰੀਆਂ ਹੋ ਹੋ ਖੜ੍ਹਦੀਆਂ ਨੇ, ਕੰਨ ਪਛਾਣੀਆਂ ਆਵਾਜ਼ਾਂ ਨੂੰ ਤਰਸ ਜਾਂਦੇ ਹਨ। ਰੱਬ ਨਾ ਕਰੇ ਜੇ ਇਸ ਪਹਿਰ ਤੱਕ ਪੁੱਜਦਿਆਂ ਔਲਾਦ ਦਗਾ ਦੇ ਜਾਏ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੋਵੇਗਾ।
ਬੀਤੀ ਜ਼ਿੰਦਗੀ ਦੇ ਵਰ੍ਹੇ ਨਾ ਡਿਲੀਟ ਹੋ ਸਕਦੇ ਨੇ ਤੇ ਨਾ ਰਿਪੀਟ ਹੋ ਸਕਦੇ ਨੇ। ਪਰ ਮਨ ਵਾਰ-ਵਾਰ ਅਜਿਹਾ ਕਰਨ ਦੀ ਲੋਚਦਾ ਹੈ। ਇਹੀ ਸਭ ਸੋਚਦਿਆਂ ਸਾਹਾਂ ਦੀ ਮੋਹਲਤ ਪੁੱਗ ਜਾਂਦੀ ਹੈ। ਪਰ ਕੁਝ ਗੱਲਾਂ ਤੈਅ ਹਨ ਕਿ ਖੁਸ਼ੀ ਖਰੀਦੀ ਨਹੀਂ ਜਾਂਦੀ। ਕਿਸੇ ਨੂੰ ਆਪ ਦੇ ਕੇ ਬੈਂਕ ਵਿਚ ਜਮ੍ਹਾ ਪੂੰਜੀ ਵਾਂਗ ਪਹਿਲਾਂ ਕਿਸੇ ਨੂੰ ਦੇ ਕੇ ਫੇਰ ਹੀ ਹਾਸਲ ਕੀਤੀ ਜਾ ਸਕਦੀ ਹੈ। ਵੈਨਕੂਵਰ ਦੀ ਨਿਰਮਲ ਆਖਦੀ ਹੈ, ਇੰਡੀਆ ਮੈਂ ਸੁਣਦੀ ਸੀ ਬਈ ਸਰੀਰ ਮਰ ਜਾਣ, ਆਤਮਾ ਜਿਊਂਦੀ ਰਹਿੰਦੀ ਐ। ਪਰ ਕੈਨੇਡਾ ਮੈਂ ਕਈਆਂ ਨੂੰ ਜਾਣਦੀ ਆਂ ਜਿਨ੍ਹਾਂ ਦੀ ਆਤਮਾ ਤਾਂ ਮਰੀ ਹੋਈ ਐ ਪਰ ਬੰਦੇ ਤੁਰੇ ਫਿਰਦੇ ਨੇ। ਮੈਂ ਕੈਨੇਡਾ ਬੱਬੀ ਨੂੰ ਪੁੱਛਿਆ, ਕੀ ਫਰਕ ਹੈ ਆਪਣੇ ਤੇ ਇਸ ਮੁਲਕ ਦਾ। ਉਸ ਨੇ ਇਕ ਸਤਰ ਜਵਾਬ ਦਿੱਤਾ, ਇੰਡੀਆ ਵਿਚ ਕੋਈ ਸਿਸਟਮ ਨਹੀਂ ਹੈ, ਇਥੇ ਬਸ ਸਿਸਟਮ ਹੀ ਸਿਸਟਮ ਹੈ।
ਸੰਘਾ ਦੱਸ ਰਿਹਾ ਸੀ, ਬਈ ਪੰਜਾਬ ਵਿਚ ਸੜਕ 'ਤੇ ਤੁਰਦਾ ਆਦਮੀ ਡਰਦਾ ਹੈ, ਕਿਤੇ ਭੱਜੀ ਜਾਂਦੀ ਕਾਰ ਹੇਠ ਈ ਨਾ ਆ ਜਾਵਾਂ। ਪਰ ਕੈਨੇਡਾ ਵਿਚ ਕਾਰ ਸਵਾਰ ਡਰਦਾ ਹੈ ਕਿਤੇ ਤੁਰਿਆ ਜਾਂਦਾ ਆਦਮੀ ਕਾਰ ਹੇਠ ਨਾ ਆ ਜਾਵੇ। ਪੰਜਾਬ ਵਿਚ ਰੋਟੀ ਖਾਂਦੇ ਸੀ ਜਦੋਂ ਰੋਟੀ ਮਿਲਦੀ ਸੀ ਪਰ ਇਥੇ ਰੋਟੀ ਖਾਂਦੇ ਹਾਂ ਜਦੋਂ ਵਿਹਲ ਮਿਲਦੀ ਹੈ। ਪੰਜਾਬ ਵਿਚ ਬਿਨਾਂ ਵਿਹਲ ਮਿਲੇ ਤੋਂ ਸੌਂ ਲਈਦਾ ਸੀ ਪਰ ਇਥੇ ਸਾਰਾ ਕੈਨੇਡਾ ਅਣਸਰਦੇ ਨੂੰ ਸੌਂਦਾ ਹੈ। ਪੰਜਾਬ, ਜੇ ਅਸੀਂ ਬੇਲੀਆਂ ਨਾਲ ਰਲ ਕੇ ਖੇਡਣ ਭੱਜਦੇ ਸੀ, ਘਰ ਦੇ ਨਿੱਤ ਸਾਡੀ ਗਰਦ ਝਾੜਦੇ ਸੀ ਪਰ ਅਸੀਂ ਇਥੇ ਆਪਣੇ ਬੱਚਿਆਂ ਨੂੰ ਭੱਜ-ਭੱਜ ਪੈਂਦੇ ਹਾਂ ਕਿ ਕਦੇ ਤਾਂ ਨਾਲ ਦਿਆਂ ਨਾਲ ਰਲ ਕੇ ਖੇਡ ਲਵੋ। ਇਉਂ ਅਸੀਂ ਸਭ ਜੋ ਸਾਡੇ ਕੋਲ ਹੁੰਦਾ ਹੈ, ਉਸ ਨੂੰ ਗੌਲਣ ਦੀ ਥਾਂ ਜੋ ਨਹੀਂ ਹੁੰਦਾ ਉਸ ਵੱਲ ਨੂੰ ਅਹੁਲਦੇ ਹਾਂ। ਮਰਨ ਤੋਂ ਪਹਿਲਾਂ ਰੱਜ ਕੇ ਜੀਅ ਲੈਣ ਨੂੰ ਸਭ ਦਾ ਮਨ ਕਰਦਾ ਹੈ। ਜਦੋਂ ਵਿਦੇਸ਼ੀ ਵਸਿਆਂ ਦੀਆਂ ਕਿਸ਼ਤਾਂ ਭਰਦਿਆਂ ਕਿਸ਼ਤਾਂ ਵਰਗੀ ਜੂਨ ਵੇਖਦੇ ਹਾਂ ਤਾਂ ਮਨ ਆਪਣੇ ਇਸ ਹਾਸਲ 'ਤੇ ਸੰਤੁਸ਼ਟ ਹੋ ਜਾਂਦਾ ਹੈ। ਲਿਖੀ ਸਤਰ ਦੀਆਂ ਖਾਲੀ ਥਾਂਵਾਂ ਭਰਨ ਜੋਗੀ ਜ਼ਿੰਦਗੀ ਜਿਊਂਦੇ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ। ਕਦੇ ਕਿਹਾ ਗਿਆ ਸੀ, 'ਨਾਨਕ ਦੁਖੀਆ ਸਭ ਸੰਸਾਰ' ਪਰ ਹੁਣ ਕਈ ਲੋਕ ਇਸ ਦੀ ਅਗਲੀ ਸਤਰ ਪੂਰਦੇ ਹੋਏ ਘਰ ਤੋਂ ਬਾਹਰ ਹੋਣ ਨੂੰ ਸੁਖ ਦਾ ਆਧਾਰ ਮੰਨ ਰਹੇ ਹਨ। ਪਰ ਜੇ ਮਨ ਪਰਦੇਸੀ ਹੋ ਜਾਏ ਤਾਂ ਹਰ ਥਾਂ ਹੀ ਓਪਰਾ ਹੋ ਜਾਂਦਾ ਹੈ। - ਬਲਵਿੰਦਰ ਕੌਰ ਬਰਾੜ-