News, Views and Information about NRIs.

A NRI Sabha of Canada's trusted source of News & Views for NRIs around the World.



July 17, 2011

ਬੇਕਾਬੂ ਕਾਰ ਘਰ ‘ਚ ਵੱਜੀ

ਭਾਦਸੋਂ, 16 ਜੁਲਾਈ (ਸੇਵਕ)- ਬੀਤੀ ਦੇਰ ਰਾਤ ਭਾਦਸੋਂ ਤੋਂ ਥੋੜੀ ਦੂਰ ਪੈਂਦੇ ਪਿੰਡ ਬਹਿਬਲਪੁਰ ਵਿਖੇ ਇਕ ਤੇਜ਼ ਰਫਤਾਰ ਫੋਰਡ ਫੀਗੋ ਕਾਰ ਬੇਕਾਬੂ ਹੋ ਜਾਣ ਨਾਲ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਵਲੈਤਣ ਮੇਮ ਦੇ ਮਾਰੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਬਠਿੰਡੀਆ ਮੁਹੱਲਾ ਨਾਭਾ ਅਤੇ ਉਸ ਦੀ ਪਤਨੀ ਕ੍ਰਿਸ਼ਚੀਅਨ ਕੈਫਰੀਨ ਬਰਸੀ ਦੋਵੇਂ ਕਾਲੇ ਰੰਗ ਦੀ ਫੋਰਡ ਫੀਗੋ ਗੱਡੀ ਵਿਚ ਸਰਹਿੰਦ ਸਾਈਡ ਤੋਂ ਭਾਦਸੋਂ ਵੱਲ ਆ ਰਹੇ ਸਨ ਤਾਂ ਪਿੰਡ ਬਹਿਬਲਪੁਰ ਦੇ ਮੋੜ ‘ਤੇ ਗੱਡੀ ਬੇਕਾਬੂ ਹੋ ਜਾਣ ਨਾਲ ਰਿਹਾਇਸ਼ੀ ਘਰ ਵਿਚ ਜਾ ਵੱਜੀ। ਕਾਰ ਵਿਚ ਸਵਾਰ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਸਰਕਾਰੀ ਹਸਪਤਾਲ ਭਾਦਸੋਂ ਵਿਖੇ ਇਲਾਜ ਲਈ ਲਿਆਉਣ ਸਮੇਂ ਹੀ ਉਹ ਦਮ ਤੋੜ ਗਈ। ਕਾਰ ਚਾਲਕ ਹਰਵਿੰਦਰ ਸਿੰਘ ਸਰਕਾਰੀ ਹਸਪਤਾਲ ਨਾਭਾ ਵਿਚ ਜ਼ੇਰੇ ਇਲਾਜ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਰਿਹਾਇਸ਼ੀ ਮਕਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਹਰਵਿੰਦਰ ਸਿੰਘ ਤੇ ਉਕਤ ਵਲੈਤਣ ਮੇਮ ਦੀ ਕੋਰਟ ਮੈਰਿਜ ਅਜੇ 2 ਕੁ ਸਾਲ ਪਹਿਲਾਂ ਹੋਈ ਸੀ। ਮ੍ਰਿਤਕਾ ਦੀ ਉਮਰ ਲਗਭਗ 55 ਸਾਲ ਸੀ ਅਤੇ ਜ਼ਖਮੀ ਹਰਵਿੰਦਰ ਸਿੰਘ ਲਗਭਗ 39 ਸਾਲ ਦਾ ਹੈ। ਦੋਵੇਂ ਫਰਾਂਸ ਵਿਚ ਰਹਿੰਦੇ ਸਨ ਅਤੇ ਕੁਝ ਦਿਨਾਂ ਤੋਂ ਪੰਜਾਬ ਆਏ ਹੋਏ ਸਨ। ਘਟਨਾ ਬਾਰੇ ਪਤਾ ਚਲਦਿਆਂ ਹੀ ਥਾਣਾ ਭਾਦਸੋਂ ਦੇ ਮੁੱਖੀ ਗੁਰਿੰਦਰ ਸਿੰਘ ਬੱਲ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਘਟਨਾ ਦੇ ਅਸਲ ਕਾਰਨ ਬਾਰੇ ਅਜੇ ਪਤਾ ਨਹੀਂ ਚੱਲ ਸਕਿਆ। ਮਾਮਲੇ ਦੀ ਤਫਤੀਸ਼ ਜਾਰੀ ਹੈ।

1 comment:

  1. French national killed in the car accident near Bhadson, in the PAtiala district.

    ReplyDelete