News, Views and Information about NRIs.

A NRI Sabha of Canada's trusted source of News & Views for NRIs around the World.



September 17, 2011

ਜਾਅਲੀ ਵਿਆਹ ਕਰਵਾਉਣ ਦੇ ਮਾਮਲਿਆਂ 'ਚ ਤਿੰਨ ਜੋੜੇ ਜੇਲ੍ਹਾਂ ਵਿਚ ਪਹੁੰਚੇ


ਬਰਮਿੰਘਮ, 17 ਸਤੰਬਰ (ਪਰਵਿੰਦਰ ਸਿੰਘ)-ਬਰਤਾਨੀਆ ਵਿਚ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਦੇ ਮਕਸਦ ਨਾਲ ਜਾਅਲੀ ਵਿਆਹ ਕਰਵਾਉਣ ਦੇ ਵੱਖ-ਵੱਖ ਮਾਮਲਿਆਂ ਵਿਚ ਪਿਛਲੇ ਦਿਨੀਂ ਇਕ ਭਾਰਤੀ, ਇਕ ਪਾਕਿਸਤਾਨੀ ਅਤੇ ਇਕ ਬੰਗਲਾਦੇਸ਼ੀ ਲਾੜੇ ਨੂੰ ਉਨ੍ਹਾਂ ਦੀਆਂ ਲਾੜੀਆਂ ਸਮੇਤ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਸ ਸਬੰਧ ਵਿਚ ਰੈਡਿੰਗ ਕਰਾਊਨ ਕੋਰਟ ਵਿਚ ਦੱਸਿਆ ਗਿਆ ਸੀ ਕਿ ਸਲੋਹ ਵਿਚ ਭਾਰਤੀ ਨਾਗਰਿਕ ਰਾਹੁਲ ਸ਼ਰਮਾ (23) ਵਾਸੀ ਕਰੋਅਲੈਂਡ ਐਵੇਨਿਊ, ਹੇਜ਼ ਦਾ ਹੰਗਰੀ ਦੀ ਨਾਗਰਿਕ ਵਿਕਟੋਰੀਆ ਪਾਕਸੀ (27) ਵਾਸੀ ਅਕਸਬ੍ਰਿਜ ਰੋਡ ਨਾਲ ਵਿਆਹ 14 ਮਈ ਨੂੰ ਹੋਣਾ ਤੈਅ ਸੀ, ਪਰ ਮੈਰਿਜ ਰਜਿਸਟਰਾਰ ਨੂੰ ਇਸ ਜੋੜੇ ਬਾਰੇ ਸ਼ੱਕ ਪੈ ਜਾਣ 'ਤੇ ਪੁਲਿਸ ਅਤੇ ਯੂ.ਕੇ. ਬਾਰਡਰ ਏਜੰਸੀ ਨੂੰ ਸੂਚਿਤ ਕੀਤਾ ਗਿਆ ਸੀ, ਜਿਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾੜਾ ਤੇ ਲਾੜੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।  ਜਾਂਚ ਦੌਰਾਨ ਪਤਾ ਚੱਲਿਆ ਕਿ ਪਾਕਸੀ ਨੇ 1,500 ਪੌਂਡ ਵਿਚ ਸ਼ਰਮਾ ਨਾਲ ਵਿਆਹ ਕਰਵਾਉਣ ਦਾ ਸੌਦਾ ਤੈਅ ਕੀਤਾ ਸੀ ਜਦ ਕਿ ਸ਼ਰਮਾ ਨੇ ਇਸ ਦੇ ਲਈ ਕੁੱਲ 8,00 ਪੌਂਡ ਅਦਾ ਕੀਤੇ ਸਨ। ਸ਼ਰਮਾ ਦੇ ਘਰ ਦੀ ਤਲਾਸ਼ੀ ਦੌਰਾਨ ਉਥੋਂ 3,000 ਪੌਂਡ ਨਕਦੀ ਵੀ ਮਿਲੀ ਸੀ। ਅਦਾਲਤ ਨੇ ਦੋਵਾਂ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ । ਇਸੇ ਦੌਰਾਨ ਮੇਡਸਟੋਨ ਵਿਖੇ ਜਾਅਲੀ ਵਿਆਹ ਕਰਵਾਉਣ ਜਾ ਰਹੇ ਅਮਜ਼ਦ ਜਾਵੇਦ (33) ਵਾਸੀ ਪਲਾਸਟੋਅ, ਈਸਟ ਲੰਡਨ ਅਤੇ ਉਸ ਦੀ ਲਾੜੀ ਐਲਮੀਰਾ ਉਮਾਜੀਵਾ (38) ਨੂੰ ਪਿਛਲੇ ਸਾਲ ਅਕਤੂਬਰ ਵਿਚ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਲਾੜੀ ਆਪਣੇ ਲਾੜੇ ਦੇ ਨਾਂਅ ਦੇ ਸਪੈਲਿੰਗ ਵੀ ਸਹੀ ਨਹੀਂ ਸੀ ਦੱਸ ਸਕੀ। ਇਸ ਮਾਮਲੇ ਵਿਚ ਅਦਾਲਤ ਨੇ ਜਾਵੇਦ ਨੂੰ ਇਸ ਗੱਲ ਸਬੰਧੀ ਗਲਤ ਬਿਆਨ ਦਰਜ ਕਰਵਾਉਣ ਕਿ ਉਹ ਇਕੱਠੇ ਨੌਰਥਫਲੀਟ, ਕੈਂਟ ਵਿਚ ਰਹਿੰਦੇ ਹਨ, ਲਈ ਛੇ ਮਹੀਨੇ ਕੈਦ ਅਤੇ ਜਨਵਰੀ ਵਿਚ ਡੌਨਕੈਸਟਰ ਹਵਾਈ ਅੱਡੇ 'ਤੇ ਜਾਅਲੀ ਪਾਸਪੋਰਟ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦੇ ਦੋਸ਼ ਵਿਚ 12 ਮਹੀਨੇ ਕੈਦ ਦੀ ਸਜ਼ਾ ਸੁਣਾਈ। ਬਰੈਡਫੋਰਡ ਕਰਾਊਨ ਕੋਰਟ ਨੇ ਵੀ ਜਾਅਲੀ ਵਿਆਹ ਦੇ ਮਾਮਲੇ ਵਿਚ ਬੰਗਲਾਦੇਸ਼ੀ ਲਾੜੇ ਅਤੇ ਉਸ ਦੀ ਚੈੱਕ ਨਾਗਰਿਕ ਲਾੜੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ । ਉਸ ਦਾ ਜਾਅਲੀ ਵਿਆਹ ਪਿਛਲੇ ਸਾਲ ਮਈ ਵਿਚ ਬਰੈਡਫੋਰਡ ਰਜਿਸਟਰਾਰ ਦੇ ਦਫਤਰ ਵਿਚ ਹੋਇਆ ਸੀ। ਜਿਸ ਦਾ ਬਾਅਦ ਵਿਚ ਉਦੋਂ ਹੀ ਪਤਾ ਚੱਲਿਆ ਸੀ ਜਦੋਂ ਲਾੜੀ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਸੈਕਸ ਵਰਕਰ ਵਜੋਂ ਸਮੱਗਲ ਕਰਕੇ ਲਿਆਂਦਾ ਗਿਆ ਸੀ। ਇਹ ਚੈੱਕ ਨਾਗਰਿਕ ਲੂਸੀ ਡੋਡਾਲਕੋਵਾ (27) ਆਪਣੇ ਸਮੱਗਲਰ ਬਾਰੇ ਤਾਂ ਕੁਝ ਨਹੀਂ ਦੱਸ ਸਕੀ, ਪਰ ਉਸ ਨੇ ਜਾਅਲੀ ਵਿਆਹ ਬਾਰੇ ਪੁਲਿਸ ਨੂੰ ਦੱਸਣ 'ਚ ਮਦਦ ਕੀਤੀ। ਇਸ ਮਾਮਲੇ ਵਿਚ ਉਸ ਦੇ ਪਤੀ ਮੁਹੰਮਦ ਓਮਰ ਅਲੀ (23) ਵਾਸੀ ਵਾਈਟਵੇਅ, ਬੋਲਟਨ, ਬਰੈਡਫੋਰਡ ਨੂੰ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ । ਇਸ ਸਬੰਧ ਵਿਚ ਉਸ ਦੇ ਭਰਾ ਟੋਫੋਜ਼ਲ ਅਲੀ (31) ਅਤੇ ਉਸ ਦੀ ਪਤਨੀ ਯਰੁਨ ਨੀਸਾ (27) ਨੂੰ ਵੀ ਜਾਅਲੀ ਵਿਆਹ ਦੀ ਸਾਜ਼ਿਸ਼ ਤਹਿਤ ਕ੍ਰਮਵਾਰ 9 ਅਤੇ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ।

No comments:

Post a Comment